ਡੇਂਗੂ ਦਾ ਕਹਿਰ: ਸਨਅਤੀ ਸ਼ਹਿਰ ’ਚ ਹੁਣ ਤੱਕ 361 ਮਰੀਜ਼ ਸਾਹਮਣੇ ਆਏ
ਮੌਸਮ ਵਿੱਚ ਥੋੜ੍ਹੀ ਠੰਢਕ ਹੋਣ ਦੇ ਬਾਵਜੂਦ ਸਨਅਤੀ ਸ਼ਹਿਰ ਵਿੱਚ ਡੇਂਗੂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸ਼ਹਿਰ ਵਿੱਚ ਸਿਹਤ ਵਿਭਾਗ ਨੂੰ ਡੇਂਗੂ ਦੇ ਨਾਲ-ਨਾਲ ਚਿਕਨਗੁਨੀਆ ਦੀ ਬਿਮਾਰੀ ਦਾ ਡਰ ਵੀ ਪ੍ਰੇਸ਼ਾਨ ਕਰ ਰਿਹਾ ਹੈ। ਸ਼ਹਿਰ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਹੁਣ ਤੱਕ 361 ਪੁੱਜ ਗਈ ਹੈ। ਰੋਜ਼ਾਨਾਂ 20 ਤੋਂ 30 ਡੇਂਗੂ ਦੇ ਮਰੀਜ਼ ਸਾਹਮਣੇ ਆ ਰਹੇ ਹਨ, ਜਿਸ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਲਗਾਤਾਰ ਵੱਧਦੀ ਜਾ ਰਹੀ ਹੈ। ਵੀਰਵਾਰ ਨੂੰ ਵੀ 15 ਨਵੇਂ ਡੇਂਗੂ ਦੇ ਮਰੀਜ਼ ਸਾਹਮਣੇ ਆਏ ਹਨ। ਸਿਹਤ ਵਿਭਾਗ ਨੇ ਸ਼ਹਿਰ ਦੇ 29 ਇਲਾਕਿਆਂ ਨੂੰ ਸੰਵੇਦਨਸ਼ੀਲ ਐਲਾਨ ਦਿੱਤਾ ਹੈ ਅਤੇ ਨਗਰ ਨਿਗਮ ਨੂੰ ਡੇਂਗੂ ਨੂੰ ਕੰਟਰੋਲ ਕਰਨ ਲਈ ਫੌਗਿੰਗ ਕਰਨ ਲਈ ਹਦਾਇਤ ਕੀਤੀ ਹੈ। ਇਹ ਇਲਾਕੇ ਮੱਛਰਾਂ ਦੇ ਹਮਲੇ ਤੋਂ ਖਾਸ ਤੌਰ ’ਤੇ ਪ੍ਰਭਾਵਿਤ ਹੋ ਰਹੇ ਹਨ। ਸਿਹਤ ਵਿਭਾਗ ਸ਼ਹਿਰ ਦੇ ਨਾਲ-ਨਾਲ ਇਨ੍ਹਾਂ 29 ਖੇਤਰਾਂ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਸਿਹਤ ਵਿਭਾਗ ਨੇ ਉਨ੍ਹਾਂ ਇਲਾਕਿਆਂ ਦੀ ਪਛਾਣ ਕਰ ਲਈ ਹੈ, ਜਿੱਥੋਂ ਡੇਂਗੂ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਜ਼ਿਲ੍ਹਾ ਸਿਹਤ ਵਿਭਾਗ ਨੇ ਸਰਵੇਖਣ ਟੀਮਾਂ ਨੂੰ ਡੇਂਗੂ ਕੰਟਰੋਲ ਲਈ ਫੀਲਡ ਵਿੱਚ ਜਾਣ ਦੇ ਨਿਰਦੇਸ਼ ਦਿੱਤੇ ਹਨ। ਸਰਵੇਖਣ ਟੀਮਾਂ ਸੰਵੇਦਨਸ਼ੀਲ ਖੇਤਰਾਂ ਵਿੱਚ ਘਰ-ਘਰ ਜਾ ਕੇ ਕਨਟੇਨਰਾਂ, ਕੂਲਰਾਂ, ਗਮਲਿਆਂ ਅਤੇ ਟੈਂਕੀਆਂ ਦੀ ਜਾਂਚ ਕਰਨਗੀਆਂ, ਜਿੱਥੇ ਵੀ ਲਾਰਵਾ ਮਿਲੇਗਾ, ਉਨ੍ਹਾਂ ਦਾ ਚਲਾਨ ਕੀਤਾ ਜਾਵੇਗਾ ਅਤੇ ਜੁਰਮਾਨਾ ਵੀ ਲਗਾਇਆ ਜਾਵੇਗਾ।
ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਕਿਹਾ ਕਿ ਸ਼ਹਿਰ ਦੇ ਕੁਝ ਇਲਾਕਿਆਂ ਤੋਂ ਡੇਂਗੂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸ ਲਈ ਉਨ੍ਹਾਂ ਇਲਾਕਿਆਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ ਅਤੇ ਚੈਕਿੰਗ ਦੇ ਨਾਲ-ਨਾਲ ਉੱਥੇ ਜਾਗਰੂਕਤਾ ਵੀ ਪੈਦਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੌਸਮ ਵਿੱਚ ਸੁਚੇਤ ਰਹਿਣ ਦੀ ਲੋੜ ਹੈ।
ਸਿਹਤ ਵਿਭਾਗ ਵੱਲੋਂ ਸੰਵੇਦਨਸ਼ੀਲ ਐਲਾਨੇ ਇਲਾਕੇ
ਸਿਹਤ ਵਿਭਾਗ ਵੱਲੋਂ ਸੰਵੇਦਨਸ਼ੀਲ ਐਲਾਨੇ ਗਏ ਇਲਾਕਿਆਂ ’ਚ ਗੁਰਦੇਵ ਨਗਰ, ਮਾਡਲ ਟਾਊਨ, ਐਸ.ਬੀ.ਐਸ.ਨਗਰ , ਫੇਜ਼ 2 ਦੁਗਰੀ, ਫੇਜ਼ 1 ਦੁੱਗਰੀ, ਵਿਸ਼ਾਲ ਨਗਰ, ਕਰਨੈਲ ਸਿੰਘ ਨਗਰ, ਅੰਬੇਡਕਰ ਨਗਰ, ਬਾਬਾ ਦੀਪ ਸਿੰਘ ਨਗਰ, ਚਾਂਦਨੀ ਚੌਕ, ਜੱਸੀਆਂ ਰੋਡ, ਸਲੇਮ ਟਾਬਰੀ, ਰਾਹੋਂ ਰੋਡ, ਗੁਰੂ ਵਿਹਾਰ, ਈਸਾ ਨਗਰੀ, ਪ੍ਰੇਮ ਨਗਰ, ਭੋਲਾ ਨਗਰ ਕਲੋਨੀ, ਜੌਹਲ ਨਗਰ, ਏ. ਹਬੀਬਗੰਜ, ਸੰਤੋਖ ਨਗਰ, ਪ੍ਰੀਤ ਨਗਰ, ਗੁਰੂ ਨਾਨਕ ਦੇਵ ਨਗਰ, ਆਤਮ ਨਗਰ, ਚੰਦਰ ਨਗਰ, ਮਿਨੀ ਰੋਜ਼ ਗਾਰਡਨ, ਵਿਜੈ ਨਗਰ (ਢੋਲੇਵਾਲ) ਅਤੇ ਰਿਸ਼ੀ ਨਗਰ ਸ਼ਾਮਲ ਹਨ।
 
 
             
            