ਪਾਵਰਕੌਮ ਵੱਲੋਂ ਲਗਾਏ ਪੀਕ ਆਵਰ ਵਾਧੂ ਰੇਟ ਵਾਪਸ ਲੈਣ ਦੀ ਮੰਗ
ਸਮਾਲ ਸਕੇਲ ਮੈਨੂਫੈਕਚਰਰਜ਼ ਐਸੋਸੀਏਸ਼ਨ ਦਾ ਵਫ਼ਦ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਦੀ ਪ੍ਰਧਾਨਗੀ ਹੇਠ ਪਾਵਰਕੌਮ ਦੇ ਪੀਕ ਆਵਰ ਵਾਧੂ ਰੇਟਾਂ ਖ਼ਿਲਾਫ਼ ਪੰਜਾਬ ਸਟੇਟ ਇਲੈਕਟਰੀਸਿਟੀ ਰੈਗੂਲੇਰਟੀ ਕਮਿਸ਼ਨ ਦੇ ਚੇਅਰਮੈਨ ਨੂੰ ਮਿਲਣ ਚੰਡੀਗੜ੍ਹ ਗਿਆ ਸੀ ਪਰ ਚੇਅਰਮੈਨ ਦੇ ਵਿਦੇਸ਼ ਗਏ ਹੋਣ ਕਾਰਨ ਵਫ਼ਦ ਵੱਲੋਂ ਉਨ੍ਹਾਂ ਦੇ ਦਫ਼ਤਰ ਬਾਹਰ ਮੰਗ ਪੱਤਰ ਚਿਪਕਾਇਆ ਗਿਆ ਹੈ।
ਇਸ ਸਬੰਧੀ ਪ੍ਰਧਾਨ ਠੁਕਰਾਲ ਦੇ ਦੱਸਿਆ ਕਿ ਪਾਵਰਕੌਮ ਨਿਰੰਤਰ ਬਿਜਲੀ ਦੇਣ ਵਿੱਚ ਫੇਲ੍ਹ ਸਾਬਤ ਹੋ ਰਿਹਾ ਹੈ ਅਤੇ ਮੁਰੰਮਤ ਦੀ ਆੜ ਹੇਠ ਦਿਨ ਭਰ ਕੱਟ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ਾਮ 6 ਵਜੇ ਤੋਂ 10 ਵਜੇ ਰਾਤ ਤੱਕ ਪ੍ਰਤੀ ਯੂਨਿਟ ਦੋ ਰੁਪਏ ਬਿਜਲੀ ਮਹਿੰਗੀ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਦਿਨ ਭਰ ਬਿਨਾਂ ਬਿਜਲੀ ਫੈਕਟਰੀਆਂ ਬੰਦ ਰਹਿੰਦੀਆਂ ਹਨ ਜਿਸ ਕਾਰਨ ਮਜ਼ਬੂਰੀ ਵੱਸ ਰਾਤ ਸਮੇਂ ਚਲਾਉਣੀ ਪੈਂਦੀਆਂ ਹਨ ਤਾਂ ਸ਼ਾਮ ਸਮੇਂ ਬਿਜਲੀ ਮਹਿੰਗੀ ਹੋ ਜਾਂਦੀ ਜਿਸ ਨਾਲ ਇੰਡਸਟਰੀ ਨੂੰ ਦੂਹਰੀ ਮਾਰ ਪੈ ਰਹੀ ਹੈ ਅਤੇ ਇੰਡਸਟਰੀ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਸ੍ਰੀ ਠੁਕਰਾਲ ਨੇ ਕਿਹਾ ਕਿ ਚੇਅਰਮੈਨ ਦੀ ਗੈਰ ਹਾਜ਼ਰੀ ਵਿੱਚ ਮੰਗ ਪੱਤਰ ਉਨ੍ਹਾਂ ਦੇ ਦਫ਼ਤਰ ਬਾਹਰ ਚਿਪਕਾਇਆ ਗਿਆ ਹੈ ਅਗਰ ਇਹ ਨਾਦਰਸ਼ਾਹੀ ਫੁਰਮਾਨ ਵਾਪਿਸ ਨਾ ਹੋਇਆ ਤਾ ਸਘੰਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਸਮੇਂ ਵਿੱਕੀ ਦੁਰਗਾ, ਬਲਬੀਰ ਸਿੰਘ ਰਾਜਾ, ਕੁਲਦੀਪ ਸਿੰਘ ਸੰਧੂ ਵੀ ਹਾਜ਼ਰ ਸਨ।