ਰਿਫਾਈਨਰੀ ਕਰਕੇ ਸੁਸਰੀ ਦੀ ਸਮੱਸਿਆ ਹੱਲ ਕਰਵਾਉਣ ਦੀ ਮੰਗ
ਜਗਰਾਉਂ-ਸਿੱਧਵਾਂ ਬੇਟ ’ਤੇ ਪਿੰਡ ਤੱਪੜ ਹਰਨੀਆਂ ਸਥਿਤ ਏਪੀ ਰਿਫਾਈਨਰੀ ਦੇ ਪ੍ਰਬੰਧਕਾਂ ਨੂੰ ਅੱਜ ਕਿਸਾਨ ਆਗੂਆਂ ਦਾ ਵਫ਼ਦ ਮਿਲਿਆ। ਵਫ਼ਦ ਨੇ ਪ੍ਰਬੰਧਕਾਂ ਦੇ ਧਿਆਨ ਵਿੱਚ ਲਿਆਂਦਾ ਕਿ ਉਨ੍ਹਾਂ ਦੀ ਰਿਫਾਈਨਰੀ ਕਰਕੇ ਸੁਸਰੀ ਦੀ ਵੱਡੀ ਸਮੱਸਿਆ ਇਕ ਵਾਰ ਫੇਰ ਪੈਦਾ ਹੋ ਗਈ ਹੈ। ਇਸ ਸੁਸਰੀ ਕਰਕੇ ਨੇੜਲੇ ਪਿੰਡਾਂ ਦੇ ਲੋਕਾਂ ਤੇ ਕਿਸਾਨਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਿਫਾਈਨਰੀ ਨੇੜਲੇ ਪਿੰਡ ਸ਼ੇਰਪੁਰ ਕਲਾਂ, ਸਵੱਦੀ ਖੁਰਦ, ਰਾਮਗੜ੍ਹ ਭੁੱਲਰ ਦੇ ਲੋਕਾਂ ਦਾ ਫੈਕਟਰੀ ਵਿੱਚ ਪਏ ਫ਼ਸਲਾਂ ਦੇ ਕੱਚੇ ਮਾਲ ਵਿੱਚ ਪੈਦਾ ਹੁੰਦੀ ਸੁਸਰੀ ਨੇ ਜਿਊਣਾ ਦੁੱਭਰ ਕਰ ਰੱਖਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਦੇ ਆਗੂ ਜਗਜੀਤ ਸਿੰਘ ਕਲੇਰ ਦੀ ਅਗਵਾਈ ਹੇਠ ਵਫ਼ਦ ਨੇ ਪ੍ਰਬੰਧਕ ਭੁਵਨ ਗੋਇਲ ਨੂੰ ਮਿਲ ਕੇ ਸੁਸਰੀ ਦੇ ਹਮਲੇ ਨੂੰ ਰੋਕਣ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਦੱਸਿਆ ਕਿ ਪ੍ਰਬੰਧਕ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਹੈ ਕਿ ਇਕ ਦੋ ਦਿਨਾਂ ਅੰਦਰ ਹੀ ਇਹ ਮਸਲਾ ਹੱਲ ਕਰ ਦਿੱਤਾ ਜਾਵੇਗਾ। ਵਫ਼ਦ ਨੇ ਇਸ ਪ੍ਰੇਸ਼ਾਨੀ ਦਾ ਪੱਕਾ ਹੱਲ ਕਰਨ ਦੀ ਮੰਗ ਕੀਤੀ ਅਤੇ ਦੱਸਿਆ ਕਿ ਇਹ ਹਰ ਸਾਲ ਦੀ ਸਮੱਸਿਆ ਹੈ। ਇਸ ਕਰਕੇ ਲੋਕਾਂ ਦਾ ਘਰਾਂ ਵਿੱਚ ਤੁਰਨਾ ਫਿਰਨਾ, ਉੱਠਣਾ ਬੈਠਣਾਂ, ਵਿਹੜੇ ਵਿੱਚ ਬੈਠ ਕੇ ਰੋਟੀ ਖਾਣਾ ਵੀ ਮੁਹਾਲ ਕਰ ਰੱਖਿਆ ਹੈ। ਇਸੇ ਤਰ੍ਹਾਂ ਖੇਤਾਂ ਵਿੱਚ ਆਉਣ-ਜਾਣ ਸਮੇਂ ਅਤੇ ਇਸ ਮਾਰਗ ਸਣੇ ਲਿੰਕ ਸੜਕਾਂ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ’ਤੇ ਭੁਵਨ ਗੋਇਲ ਨੇ ਭਵਿੱਖ ਵਿੱਚ ਸ਼ਿਕਾਇਤ ਦਾ ਪੱਕਾ ਹੱਲ ਕਰਨ ਦਾ ਭਰੋਸਾ ਦਿੱਤਾ।