ਪਿਛਲੇ ਸਾਲ ਝੋਨਾ ਕਾਸ਼ਤਕਾਰਾਂ ਨੂੰ ਪਾਈ ਕਾਟ ਵਾਪਸ ਕਰਾਉਣ ਦੀ ਮੰਗ
ਸੰਤੋਖ ਗਿੱਲ
ਗੁਰੂਸਰ ਸੁਧਾਰ, 26 ਜੂਨ
ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਵੱਲੋਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰ ਕੇ ਪਿਛਲੇ ਸਾਲ ਝੋਨੇ ਦੇ ਖ਼ਰੀਦ ਸੀਜ਼ਨ ਦੌਰਾਨ ਨਮੀ ਦੀ ਆੜ ਹੇਠ ਲਾਏ ਕੱਟਾਂ ਦੇ ਨਾਂ ਹੇਠ ਕਿਸਾਨਾਂ ਦੀ ਭਾਰੀ ਲੁੱਟ ਕਰਨ ਦੀ ਜਾਂਚ ਕਰਵਾ ਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਕਿਸਾਨਾਂ ਤੋਂ ਲੁੱਟੇ ਪੈਸੇ ਵਾਪਸ ਕਰਵਾਏ ਜਾਣ ਦੀ ਮੰਗ ਲਈ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਮਾਰਕੀਟ ਕਮੇਟੀ ਕਿਲ੍ਹਾ ਰਾਏਪੁਰ ਦੇ ਚੇਅਰਮੈਨ ਜਗਦੀਪ ਸਿੰਘ ਦਿਉਲ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ ਹੈ। ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਸੂਬਾਈ ਆਗੂ ਸੁਰਜੀਤ ਸਿੰਘ ਸੀਲੋਂ, ਇਲਾਕਾ ਕਮੇਟੀ ਦੇ ਪ੍ਰਧਾਨ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਕਰਮ ਸਿੰਘ ਗਰੇਵਾਲ ਅਤੇ ਦਫ਼ਤਰ ਸਕੱਤਰ ਨਛੱਤਰ ਸਿੰਘ ਦੀ ਅਗਵਾਈ ਵਾਲੇ ਵਫ਼ਦ ਨੇ ਮੁੱਖ ਮੰਤਰੀ ਦੇ ਨਾਂ ਭੇਜੇ ਮੰਗ-ਪੱਤਰ ਵਿੱਚ ਨਵੀਂ ਖੇਤੀ ਮੰਡੀਕਰਨ ਨੀਤੀ ਨੂੰ ਮੁੱਢੋਂ ਰੱਦ ਕਰਨ ਅਤੇ ਆਉਣ ਵਾਲੇ ਸੀਜ਼ਨ ਤੋਂ ਪਹਿਲਾਂ ਮੰਡੀਆਂ ਦੀ ਹਾਲਤ ਸੁਧਾਰਨ ਦੀ ਵੀ ਮੰਗ ਕੀਤੀ ਹੈ।
ਕਿਸਾਨ ਆਗੂਆਂ ਨੇ ਜਿਨਸ ਦੀ ਤੁਲਾਈ ਕੰਪਿਊਟਰ ਕੰਡੇ ਨਾਲ ਕਰਨ ਤੋਂ ਇਲਾਵਾ ਕਿਸੇ ਆੜ੍ਹਤੀ ਜਾਂ ਉਸ ਦੇ ਕਰਿੰਦੇ ਵੱਲੋਂ ਮਾਪਦੰਡ ਤੋਂ ਵੱਧ ਫ਼ਸਲ ਤੋਲਣ ਖ਼ਿਲਾਫ਼ ਚੋਰੀ ਦਾ ਪਰਚਾ ਦਰਜ ਕਰਨ ਦੀ ਵੀ ਮੰਗ ਕੀਤੀ ਹੈ। ਕਿਸਾਨ ਆਗੂਆਂ ਨੇ ਇਲਾਕੇ ਦੀਆਂ ਸੜਕਾਂ ਦੇ ਨਵੀਨੀਕਰਨ ਅਤੇ ਕਿਲ੍ਹਾ ਰਾਏਪੁਰ ਤੋਂ ਬਾਹਮਣ ਮਾਜਰਾ ਤੱਕ ਸੜਕ ਚੌੜੀ ਕਰਨ ਦੀ ਮੰਗ ਕੀਤੀ ਹੈ। ਚੇਅਰਮੈਨ ਜਗਦੀਪ ਸਿੰਘ ਦਿਉਲ ਨੇ ਕਿਸਾਨਾਂ ਦੀਆਂ ਮੰਗਾਂ ਜਲਦ ਪੂਰੀਆਂ ਕਰਨ ਦਾ ਭਰੋਸਾ ਦਿੱਤਾ। ਹੋਰਨਾਂ ਤੋਂ ਇਲਾਵਾ ਮਲਕੀਤ ਸਿੰਘ ਗਰੇਵਾਲ, ਪ੍ਰਧਾਨ ਬਲਜਿੰਦਰ ਸਿੰਘ, ਭਜਨ ਸਿੰਘ, ਮੋਹਨਜੀਤ ਸਿੰਘ ਗਰੇਵਾਲ, ਯੂਥ ਕਲੱਬ ਦੇ ਆਗੂ ਦਿਲਜੋਤ ਸਿੰਘ ਗਰੇਵਾਲ ਵੀ ਵਫ਼ਦ ਵਿੱਚ ਸ਼ਾਮਲ ਸਨ।