ਬੀਬੀਐੱਮਬੀ ਦੇ ਚੇਅਰਮੈਨ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਕਾਰਜਕਾਰੀ ਵੱਲੋਂ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਨੂੰ ਸੂਬੇ ਵਿੱਚ ਹੜ੍ਹਾਂ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਬੋਰਡ ਦੇ ਚੇਅਰਮੈਨ ਖ਼ਿਲਾਫ਼ ਫ਼ੌਰੀ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸੂਬਾ ਅਤੇ ਕੇਂਦਰ ਸਰਕਾਰ ਦੇ ਹੜ੍ਹਾਂ ਦੌਰਾਨ ਨਾਂਹਪੱਖੀ ਰਵੱਈਏ ਬਾਰੇ ਹਾਈਕੋਰਟ ਦੇ ਤਿੰਨ ਮੌਜੂਦਾ ਜੱਜਾਂ ਦੀ ਹਾਈਪਾਵਰ ਕਮੇਟੀ ਵੱਲੋਂ ਸਮਾਂਬੱਧ ਜਾਂਚ ਕਰਾਉਣ ਅਤੇ ਪੰਜਾਬ ਨਾਲ ਨਿਆਂ ਕਰਨ ਦੀ ਮੰਗ ਕਰਦਿਆਂ ਭਵਿੱਖ ਸੁਰੱਖਿਅਤ ਕਰਨਾ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ ਹੈ।
ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਦੇ ਕਾਰਜ ਜਲਦ ਪੂਰੇ ਕਰਾਉਣ ਅਤੇ ਮਨਰੇਗਾ ਮਜ਼ਦੂਰ ਪਰਿਵਾਰਾਂ ਨੂੰ ਪੈਰਾਂ ਸਿਰ ਕਰਨ ਲਈ ਬਰਬਾਦ ਹੋਏ ਮਕਾਨਾਂ ਦੀ ਮੁਰੰਮਤ ਅਤੇ ਮੁੜ ਉਸਾਰੀ ਲਈ ਮਨਰੇਗਾ ਕਾਮਿਆਂ ਨੂੰ 700 ਰੁਪਏ ਰੋਜ਼ਾਨਾ ਦਿਹਾੜੀ ਦੇਣ ਦਾ ਪ੍ਰਬੰਧ ਕਰ ਕੇ 6 ਮਹੀਨੇ ਲਗਾਤਾਰ ਕੰਮ ਦੇਣ ਦੀ ਮੰਗ ਕੀਤੀ ਹੈ। ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਜਥੇਦਾਰ ਗੁਰਮੇਲ ਸਿੰਘ ਢੱਟ, ਗੁਰਮੇਲ ਸਿੰਘ ਕੁਲਾਰ, ਜਸਵੰਤ ਸਿੰਘ ਮਾਨ, ਕੁਲਦੀਪ ਸਿੰਘ ਸਵੱਦੀ ਅਤੇ ਗੁਰਚਰਨ ਸਿੰਘ ਤਲਵੰਡੀ ਨੇ ਭਾਗ ਲਿਆ। ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਅਦਾਰਿਆਂ ਤੇ ਨੌਜਵਾਨ ਕਲੱਬਾਂ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਹਾਇਤਾ ਭੇਜਣ ਦੇ ਕਾਰਜ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ। ਹੜ੍ਹਾਂ ਦੀ ਮਾਰ ਵਾਲੇ ਖੇਤਾਂ ਵਿਚ ਮਿੱਟੀ ਅਤੇ ਰੇਤ ਨੂੰ ਹਟਾਉਣ ਅਤੇ ਕਣਕ ਦੀ ਬਿਜਾਈ ਲਈ ਬੀਜ,ਖਾਦਾਂ ਅਤੇ ਮਸ਼ੀਨਰੀ ਮੁਹੱਈਆ ਕਰਾਉਣ ਦੀ ਮੰਗ ਕੀਤੀ।