ਸਹਿਕਾਰੀ ਸਭਾਵਾਂ ਵਿੱਚ ਡੀਏਪੀ ਸਣੇ ਹੋਰ ਖਾਦਾਂ ਦੀ ਘਾਟ ਪੂਰੀ ਕਰਨ ਦੀ ਮੰਗ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇੱਕ ਵਫ਼ਦ ਨੇ ਡੀਐਮ ਮਾਰਕਫੈੱਡ ਸੁਧੀਰ ਕੁਮਾਰ ਅਤੇ ਡੀਆਰ ਸਹਿਕਾਰੀ ਵਿਭਾਗ ਵਿਜੇਂਦਰ ਸਿੰਘ ਸੰਧੂ ਨਾਲ ਮੁਲਾਕਾਤ ਕਰਕੇ ਡੀਏਪੀ ਖਾਦ ਦੀ ਘਾਟ ਪੂਰੀ ਕਰਟਕੇ ਕਿਸਾਨਾਂ ਦੀ ਵੱਡੀ ਮੁਸ਼ਕਿਲ ਹੱਲ ਕਰਨ ਦੀ ਮੰਗ ਕੀਤੀ।
ਜ਼ਿਲ੍ਹਾ ਆਗੂ ਰਾਜਿੰਦਰ ਸਿੰਘ ਸਿਆੜ ਅਤੇ ਬਲਵੰਤ ਸਿੰਘ ਘੁਡਾਣੀ ਦੀ ਅਗਵਾਈ ਹੇਠਲੇ ਵਫ਼ਦ ਨੇ ਕਿਹਾ ਕਿ ਬਹੁਤੀਆਂ ਸੋਸਾਇਟੀਆਂ ਵਿੱਚ ਅਜੇ ਤੱਕ ਖਾਦ ਦੀ ਸਪਲਾਈ ਜ਼ੀਰੋ ਹੈ, ਆਲੂਆਂ ਦੀ ਬਿਜਾਈ ਸਿਰ ’ਤੇ ਖੜੀ ਹੈ ਅਤੇ ਕਈ ਥਾਵਾਂ ’ਤੇ ਚਾਲੂ ਵੀ ਹੋ ਗਈ ਹੈ। ਅਗਲੇ ਕੁਝ ਦਿਨਾਂ ਵਿੱਚ ਕਣਕ ਦੀ ਬਿਜਾਈ ਵੀ ਸ਼ੁਰੂ ਹੋ ਜਾਣੀ ਹੈ।
ਵਫ਼ਦ ਨੇ ਦੱਸਿਆ ਕਿ ਉਪਰੋਕਤ ਘਾਟ ਕਾਰਨ ਕਿਸਾਨ ਬਹੁਤ ਨਿਰਾਸ਼ਤਾ ਦੇ ਦੌਰ ਵਿੱਚੋਂ ਗੁਜਰ ਰਿਹਾ ਹੈ ਅਤੇ ਪ੍ਰਾਈਵੇਟ ਡੀਲਰਾਂ ਹੱਥੋਂ ਲੁੱਟ ਖੁਸੱਟ ਕਰਵਾਉਣ ਲਈ ਮਜਬੂਰ ਹੈ। ਵਫ਼ਦ ਨੇ ਅਧਿਕਾਰੀਆ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇ ਉਪਰੋਕਤ ਘਾਟ ਪੂਰੀ ਨਹੀਂ ਕੀਤੀ ਗਈ ਤਾਂ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਉਹ ਪੂਰਾ ਜ਼ੋਰ ਲਾ ਕੇ ਘਾਟ ਪੂਰੀ ਕਰਵਾਉਣਗੇ। ਵਫ਼ਦ ਵਿੱਚ ਮਨਪ੍ਰੀਤ ਸਿੰਘ ਜੀਰਖ, ਹਰਪਾਲ ਸਿੰਘ, ਕਮਲਪ੍ਰੀਤ ਸਿੰਘ, ਬਲਜਿੰਦਰ ਸਿੰਘ, ਭਜਨ ਸਿੰਘ, ਗੁਰਜੀਤ ਪੰਧੇਰ ਖੇੜੀ, ਚਰਨ ਸਿੰਘ, ਰਾਮ ਸਿੰਘ ਸਿਆੜ, ਜਸਵੀਰ ਸਿੰਘ ਅਤੇ ਅਮਰੀਕ ਸਿੰਘ ਤੋਂ ਇਲਾਵਾ ਕਈ ਵਰਕਰ ਵੀ ਸ਼ਾਮਿਲ ਸਨ।