ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੌਮਾਂਤਰੀ ਹਵਾਈ ਅੱਡੇ ਦੇ ਨਾਂ ਵਿੱਚ ਐਤੀਆਣਾ ਸ਼ਾਮਲ ਕਰਨ ਦੀ ਮੰਗ

ਮੰਗ ਪੱਤਰ ਸੌਂਪ ਕੇ 161 ਏਕੜ ਜ਼ਮੀਨ ਦੇਣ ਵਾਲੇ ਪਿੰਡ ਦੇ ਨੌਜਵਾਨਾਂ ਲਈ ਨੌਕਰੀਆਂ ਮੰਗੀਆਂ
ਮੰਗ-ਪੱਤਰ ਦੇਣ ਪਹੁੰਚੇ ਸਾਬਕਾ ਸਰਪੰਚ ਲਖਵੀਰ ਸਿੰਘ ਅਤੇ ਹੋਰ ਨੁਮਾਇੰਦੇ।
Advertisement

ਕੌਮਾਂਤਰੀ ਹਵਾਈ ਅੱਡਾ ਹਲਵਾਰਾ ਲਈ 161 ਏਕੜ ਜ਼ਮੀਨ ਦੇਣ ਵਾਲੇ ਪਿੰਡ ਐਤੀਆਣਾ ਦੇ ਲੋਕਾਂ ਨੇ ਆਪਣੇ ਪਿੰਡ ਦਾ ਨਾਮ ਹੀ ਦੁਨੀਆ ਦੇ ਨਕਸ਼ੇ ਤੋਂ ਅਲੋਪ ਹੋ ਜਾਣ ਦਾ ਖ਼ਦਸ਼ਾ ਜ਼ਾਹਰ ਕੀਤਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨ ਹਿਮਾਂਸ਼ੂ ਜੈਨ ਨੂੰ ਸੌਂਪੇ ਮੰਗ-ਪੱਤਰ ਰਾਹੀਂ ਹਵਾਈ ਅੱਡੇ ਲਈ ਸਾਰੀ ਜ਼ਮੀਨ ਦੇਣ ਵਾਲੇ ਪਿੰਡ ਵਾਸੀਆਂ ਨੇ ਹਵਾਈ ਅੱਡੇ ਦੇ ਨਾਮ ਵਿੱਚ ਪਿੰਡ ਐਤੀਆਣਾ ਦਾ ਨਾਮ ਜੋੜਨ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਨੇ ਜ਼ਮੀਨ ਲੈਣ ਸਮੇਂ ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ ਹਵਾਈ ਅੱਡੇ ਵਿੱਚ ਪਹਿਲ ਦੇ ਆਧਾਰ ’ਤੇ ਨੌਕਰੀਆਂ ਦੇਣ ਦੀ ਵੀ ਮੰਗ ਕੀਤੀ ਹੈ।

Advertisement

ਪਿੰਡ ਐਤੀਆਣਾ ਦੀ ਸਰਪੰਚ ਕੁਲਵਿੰਦਰ ਕੌਰ, ਸਾਬਕਾ ਸਰਪੰਚ ਲਖਵੀਰ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ ਗਿੱਲ, ਖੇਤੀਬਾੜੀ ਸਹਿਕਾਰੀ ਸਭਾ ਦੇ ਪ੍ਰਧਾਨ ਇੰਦਰਜੀਤ ਸਿੰਘ ਸਿੱਧੂ, ਨੰਬਰਦਾਰ ਰਣਬੀਰ ਸਿੰਘ, ਰਜਿੰਦਰ ਸਿੰਘ ਨੰਬਰਦਾਰ, ਜਗਦੀਪ ਸਿੰਘ ਸਾਬਕਾ ਪੰਚ ਅਤੇ ਸ਼ਹੀਦ ਸੂਬੇਦਾਰ ਹਰਵਿੰਦਰ ਸਿੰਘ ਦੇ ਪਿਤਾ ਮੇਜਰ ਸਿੰਘ ਸਮੇਤ ਸੈਂਕੜੇ ਪਿੰਡ ਵਾਸੀਆਂ ਦੇ ਦਸਖ਼ਤਾਂ ਵਾਲਾ ਮੰਗ ਪੱਤਰ ਸੌਂਪਿਆ।

ਸਾਬਕਾ ਸਰਪੰਚ ਲਖਵੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸੂਬਾ ਸਰਕਾਰ ਦੇ ਵੱਖ-ਵੱਖ ਮੰਤਰੀਆਂ, ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ, ਵਿਧਾਇਕਾਂ, ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਅਧਿਕਾਰੀਆਂ ਨੂੰ ਸੌਂਪੇ ਦਰਜਨਾਂ ਮੰਗ-ਪੱਤਰਾਂ ਦੀਆਂ ਕਾਪੀਆਂ ਵੀ ਮੰਤਰੀ ਸੰਜੀਵ ਅਰੋੜਾ ਅਤੇ ਡਿਪਟੀ ਕਮਿਸ਼ਨਰ ਨੂੰ ਸੌਂਪੀਆਂ। ਪਿੰਡ ਐਤੀਆਣਾ ਵਾਸੀਆਂ ਨੇ ਇਹ ਵੀ ਧਿਆਨ ਵਿੱਚ ਲਿਆਂਦਾ ਕਿ ਹਵਾਈ ਅੱਡੇ ਨੂੰ ਜੋੜਨ ਵਾਲੇ ਦੋ ਵੱਡੇ ਕੌਮੀ ਮਾਰਗ ਨਿਕਲਣ ਸਮੇਂ ਪਿੰਡ ਐਤੀਆਣਾ ਦੀ ਹੋਰ ਕਾਫ਼ੀ ਜ਼ਮੀਨ ਵੀ ਮਾਰ ਹੇਠ ਆਉਣ ਦੀ ਸੰਭਾਵਨਾ ਬਣੀ ਹੋਈ ਹੈ। ਇਸ ਕਾਰਨ ਪਿੰਡ ਐਤੀਆਣਾ ਦੀ ਹੋਂਦ ਨੂੰ ਹੀ ਖ਼ਤਰਾ ਪੈਦਾ ਹੋ ਗਿਆ ਹੈ ਅਤੇ ਪਿੰਡ ਦਾ ਨਾਮ ਜ਼ਿੰਦਾ ਰੱਖਣ ਲਈ ਘੱਟੋ-ਘੱਟ ਹਵਾਈ ਅੱਡੇ ਨਾਮ ਵਿੱਚ ਐਤੀਆਣਾ ਹਰ ਹਾਲਤ ਵਿੱਚ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ ਹੈ। ਸਾਬਕਾ ਸਰਪੰਚ ਲਖਵੀਰ ਸਿੰਘ ਅਨੁਸਾਰ ਮੰਤਰੀ ਸੰਜੀਵ ਅਰੋੜਾ ਅਤੇ ਗਲਾਡਾ ਦੇ ਕਾਰਜਕਾਰੀ ਮੁੱਖ ਅਧਿਕਾਰੀ ਦਾ ਵਾਧੂ ਚਾਰਜ ਸੰਭਾਲਣ ਵਾਲੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਮਾਮਲਾ ਅੱਜ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਲਿਆਉਣ ਦਾ ਭਰੋਸਾ ਦਿੱਤਾ ਹੈ। 

Advertisement