ਬੱਸੀ ਪਠਾਣਾਂ ਦੀ ਪੁਰਾਤਨ ਜੇਲ੍ਹ ਨੂੰ ਵਿਰਾਸਤੀ ਯਾਦਗਾਰ ਦਾ ਦਰਜਾ ਦੇਣ ਦੀ ਮੰਗ
ਯੂਨਾਈਟਿਡ ਸਿੱਖਜ਼ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰੂ ਤੇਗ ਬਹਾਦਰ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਗੁਰੂ ਸਾਹਿਬ ਦੇ ਜੀਵਨ ਕਾਲ ਨਾਲ ਸਬੰਧਤ ਪੁਰਾਤਨ ਤੇ ਇਤਿਹਾਸਕ ਯਾਦਗਾਰਾਂ ਦੀ ਸੁੱਚਜੇ ਢੰਗ ਨਾਲ ਸਾਂਭ ਸੰਭਾਲ ਕਰਕੇ ਉਨ੍ਹਾਂ ਨੂੰ ਵਿਰਾਸਤੀ ਯਾਦਗਾਰਾਂ ਦਾ ਦਰਜਾ ਦਿੱਤਾ ਜਾਵੇ। ਇਸ ਸਬੰਧੀ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਯੂਨਾਇਟਿਡ ਸਿੱਖਜ਼ ਪੰਜਾਬ ਦੇ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਸਰਕਾਰ ਦਾ ਧਿਆਨ ਬੱਸੀਪਠਾਣਾਂ (ਜ਼ਿਲ੍ਹਾ ਫਤਿਹਗੜ੍ਹ) ਸਥਿਤ ਮੁਗਲ ਕਾਲ ਵੇਲੇ ਦੀ ਬਣੀ ਪੁਰਾਤਨ ਜੇਲ੍ਹ ਵੱਲ ਦਿਵਾਉਂਦਿਆਂ ਕਿਹਾ ਕਿ ਵੱਖ ਵੱਖ ਪ੍ਰਮੁੱਖ ਸਿੱਖ ਇਤਿਹਾਸਕਾਰਾਂ ਦੀ ਖੋਜ ਅਨੁਸਾਰ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣਨ ਮਗਰੋਂ ਜਦੋਂ ਸ੍ਰੀ ਆਨੰਦਪੁਰ ਸਾਹਿਬ ਤੋਂ ਦਿੱਲੀ ਤਖ਼ਤ ਦੇ ਮੁਗਲ ਬਾਦਸ਼ਾਹ ਔਰੰਗਜ਼ੇਬ ਨਾਲ ਮੁਲਾਕਾਤ ਕਰਨ ਲਈ ਆਪਣੇ ਪੰਜ ਸਿੱਖਾਂ ਨਾਲ ਰਵਾਨਾ ਹੋਏ ਸਨ ਤਾਂ ਰਸਤੇ ਵਿੱਚ ਰੋਪੜ ਪੁਲੀਸ ਚੌਕੀ ਦੇ ਦਰੋਗੇ ਨੂਰ ਮੁਹੰਮਦ ਖਾਂ ਮਿਰਜ਼ਾ ਨੇ ਰੰਘੜਾਂ ਵੱਲੋਂ ਕੀਤੀ ਮੁਖਬਰੀ ਦੇ ਆਧਾਰ ’ਤੇ ਉਨ੍ਹਾਂ ਨੂੰ ਪਰਗਨਾ ਘਨੌਲਾ ਤੋਂ ਸੰਮਤ 1732 ਵਿੱਚ ਸਾਥੀਆਂ ਸਮੇਤ ਗ੍ਰਿਫ਼ਤਾਰ ਕਰਕੇ ਪੰਜਾਬ ਦੇ ਉਸ ਵੇਲੇ ਦੇ ਗਵਰਨਰ ਦੇ ਆਹਲਾ ਮੁਕੱਦਮ ਅੱਗੇ ਸਰਹੰਦ ਵਿੱਚ ਪੇਸ਼ ਕੀਤਾ ਅਤੇ ਉਸ ਨੇ ਗੁਰੂ ਸਾਹਿਬ ਤੇ ਉਨ੍ਹਾਂ ਦੇ ਸਾਥੀਆਂ ਸਮੇਤ ਬੱਸੀ ਪਠਾਣਾਂ ਦੀ ਉਕਤ ਇਤਿਹਾਸਕ ਜੇਲ੍ਹ ਅੰਦਰ ਬੰਦ ਕਰਨ ਦਾ ਹੁਕਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਤਿਹਾਸਕਾਰਾਂ ਦੀ ਖੋਜ ਅਨੁਸਾਰ ਗੁਰੂ ਤੇਗ ਬਹਾਦਰ ਆਪਣੇ ਸਾਥੀਆਂ ਸਮੇਤ ਬੱਸੀ ਪਠਾਣਾਂ ਦੀ ਜੇਲ੍ਹ ਅੰਦਰ 4 ਮਹੀਨੇ ਤੱਕ ਕੈਦ ਰਹੇ।
ਅੰਮ੍ਰਿਤਪਾਲ ਸਿੰਘ ਨੇ ਕਿ ਅੱਜ ਲੋੜ ਹੈ ਕਿ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਆਪਣੀ ਵਿਰਾਸਤ ਦੀ ਸੰਭਾਲ ਲਈ ਅੱਗੇ ਆਉਣ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣਾ ਸੱਚਾ ਸਿੱਜਦਾ ਤੇ ਸਤਿਕਾਰ ਅਰਪਿਤ ਕਰਦਿਆਂ ਹੋਇਆ ਬੱਸੀ ਪਠਾਣਾਂ ਦੀ ਪੁਰਾਤਨ ਜੇਲ੍ਹ ਨੂੰ ਗੁਰੂ ਸਾਹਿਬ ਦੀ ਯਾਦ ਵਿੱਚ ਤਬਦੀਲ ਕਰਕੇ ਇਸ ਨੂੰ ਵਿਰਾਸਤੀ ਇਮਾਰਤ ਦਾ ਦਰਜਾ ਦਿਵਾਉਣ।
ਉਨ੍ਹਾਂ ਪੰਜਾਬ ਸਰਕਾਰ ਤੋਂ ਵੀ ਇਹ ਮੰਗ ਕੀਤੀ ਕਿ ਬੱਸੀ ਪਠਾਣਾਂ ਨੂੰ ਪੰਜਾਬ ਦਾ ਸੈਰ ਸਪਾਟਾ ਵਿਭਾਗ ਵਿਰਾਸਤੀ ਟੂਰਿਜ਼ਮ ਯਾਤਰਾ ਦੇ ਨਕਸ਼ੇ ਉਪਰੰਤ ਲੈਕੇ ਆਉਣ ਤਾਂ ਕਿ ਦੇਸ਼ ਵਿਦੇਸ਼ ਤਰ੍ਹਾਂ ਆਉਣ ਵਾਲੀ ਸੰਗਤ ਅਤੇ ਸੈਲਾਨੀ ਆਪਣੀਆਂ ਵਿਰਾਸਤੀ ਇਮਰਤਾਂ ਨੂੰ ਨਿਹਾਰਕੇ ਆਪਣੇ ਇਤਿਹਾਸ ਨਾਲ ਜੁੜ ਸਕਣ। ਇਸ ਸਮੇਂ ਭੁਪਿੰਦਰ ਸਿੰਘ ਮਕੱੜ ਅਤੇ ਯੂਨਾਈਟਿਡ ਸਿੱਖਜ਼ ਦੇ ਕਈ ਪ੍ਰਮੁੱਖ ਮੈਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।