ਰਿਟਰਨ ਭਰਨ ਦੀ ਅੰਤਿਮ ਤਰੀਕ 31 ਦਸੰਬਰ ਕਰਨ ਦੀ ਮੰਗ
ਇੰਡੀਅਨ ਟੈਕਸੇਸ਼ਨ ਐਡਵੋਕੇਟਜ਼ ਐਸੋਸੀਏਸ਼ਨ ਨੇ ਕੇਂਦਰੀ ਵਿੱਤ ਮੰਤਰੀ ਤੋਂ ਮੰਗ ਕੀਤੀ ਹੈ ਕਿ ਇਨਕਮ ਟੈਕਸ ਰਿਟਰਨ ਭਰਨ ਦੀ ਅੰਤਿਮ ਮਿਤੀ 15 ਸਤੰਬਰ ਤੋਂ ਵਧਾ ਕੇ 31 ਦਸੰਬਰ ਕੀਤੀ ਜਾਵੇ ਕਿਉਂਕਿ ਪੰਜਾਬ ਸਮੇਤ ਕਈ ਉੱਤਰੀ ਰਾਜਾਂ ਵਿੱਚ ਪਿਛਲੇ ਦਿਨਾਂ ਦੌਰਾਨ ਆਏ ਹੜ੍ਹਾਂ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।ਜਥੇਬੰਦੀ ਦੇ ਪ੍ਰਧਾਨ ਐਡਵੋਕੇਟ ਜਤਿੰਦਰ ਖੁਰਾਣਾ ਨੇ ਨੇ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਇੰਟਰਨੈੱਟ ਸਮੱਸਿਆ ਕਾਰਨ ਟੈਕਸ ਪੇਸ਼ੇਵਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨਕਮ ਟੈਕਸ ਵਿਭਾਗ ਨੇ ਜੂਨ ਵਿੱਚ ਇਨਕਮ ਟੈਕਸ ਰਿਟਰਨ ਫਾਰਮ ਜਾਰੀ ਕੀਤੇ ਸਨ ਅਤੇ ਰਿਟਰਨ ਭਰਨ ਦੀ ਮਿਤੀ 31 ਜੁਲਾਈ ਤੋਂ ਵਧਾ ਕੇ 15 ਸਤੰਬਰ ਤੱਕ ਕੀਤੀ ਸੀ। ਉਨ੍ਹਾਂ ਕਿਹਾ ਕਿ ਲੱਖਾਂ ਕਰਦਾਤਾਵਾਂ ਦੀ ਰਿਟਰਨ ਅਜੇ ਤੱਕ ਦਾਇਰ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇਕਰ ਕਰਦਾਤਾ ਮਿੱਥੇ ਸਮੇਂ ਅੰਦਰ ਰਿਟਰਨ ਦਾਇਰ ਨਹੀਂ ਕਰਦਾ ਤਾਂ ਟੈਕਸ ਦੀ ਅਦਾਇਗੀ ਲਈ ਵਿਆਜ ਤੋਂ ਇਲਾਵਾ ਸਾਰੇ ਟੈਕਸ ਦੇਣ ਵਾਲੇ ਕਰਦਾਤਾਵਾਂ ਨੂੰ ਪੰਜ ਹਜ਼ਾਰ ਰੁਪਏ ਦਾ ਜ਼ੁਰਮਾਨਾ ਅਦਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਮੱਦੇਨਜ਼ਰ ਕੇਂਦਰੀ ਵਿੱਤ ਮੰਤਰੀ ਨੂੰ ਵਿੱਤੀ ਸਾਲ 2024-25 ਦੇ ਸਾਰੇ ਉਤਪਾਦਾਂ ਦੀ ਅੰਤਿਮ ਮਿਤੀ ਵਧਾਉਣ ਦੀ ਮੰਗ ਕੀਤੀ ਗਈ ਹੈ ਤਾਂ ਕਿ ਕਰਦਾਤਾਵਾਂ ਨੂੰ ਰਾਹਤ ਮਿਲ ਸਕੇ।