ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ ’ਚ ਭ੍ਰਿਸ਼ਟਾਚਾਰ ਸਬੰਧੀ ਜਾਂਚ ਦੀ ਮੰਗ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਪੰਚਾਇਤੀ ਜ਼ਮੀਨ ਾਂ ’ਤੇ ਹੋਏ ਨਾਜਾਇਜ਼ ਕਬਜ਼ੇ ਨੂੰ ਛੁਡਾਉਣ ਲਈ ਲਗਾਇਆ ਧਰਨਾ ਅੱਜ ਛੇਵੇਂ ਦਿਨ ਵੀ ਜਾਰੀ ਰਿਹਾ ਅਤੇ ਹੁਣ ਇਹ ਮਾਮਲਾ ਸੁਲਝਾਉਣ ਲਈ ਐੱਸ.ਡੀ.ਐੱਮ. ਸਮਰਾਲਾ ਰਜਨੀਸ਼ ਅਰੋੜਾ ਵਲੋਂ ਯਤਨ ਸ਼ੁਰੂ ਕੀਤੇ ਗਏ ਹਨ। ਅੱਜ ਧਰਨੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਅਤੇ ਬਲਾਕ ਪ੍ਰਧਾਨ ਗੁਰਜੀਤ ਸਿੰਘ ਗੜ੍ਹੀ ਤਰਖਾਣਾ ਨੇ ਕਿਹਾ ਕਿ ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ ਵਿਚ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਅਤੇ ਇੱਥੇ ਹੋਏ ਹਰੇਕ ਕੰਮ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਵੱਡੀਆਂ ਘਪਲੇਬਾਜ਼ੀਆਂ ਬੇਨਕਾਬ ਹੋ ਸਕਦੀਆਂ ਹਨ।
ਗਿਆਸਪੁਰਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਕਰ ਸਰਕਾਰੀ ਪੰਚਾਇਤੀ ਜਗ੍ਹਾ ’ਤੇ ਕਬਜ਼ੇ ਕਰਵਾਏ ਗਏ। ਕੁਝ ਮਹੀਨੇ ਪਹਿਲਾਂ ਹੋਈਆਂ ਪੰਚਾਇਤੀ ਜ਼ਮੀਨ ਾਂ ਦੀਆਂ ਬੋਲੀਆਂ ਵਿਚ ਵੱਡੇ ਘਪਲੇਬਾਜ਼ੀ ਦੀਆਂ ਚਰਚਾਵਾਂ ਵੀ ਛਿੜੀਆਂ ਜੋ ਅਖ਼ਬਾਰਾਂ ਦੀਆਂ ਸੁਰਖ਼ੀਆਂ ਵੀ ਬਣੀਆਂ। ਇੱਥੋਂ ਤੱਕ ਬਲਾਕ ਪੰਚਾਇਤ ਦਫ਼ਤਰ ਵਲੋਂ ਪਿੰਡਾਂ ਵਿਚ ਜੋ ਛੋਟੇ-ਛੋਟੇ ਵਿਕਾਸ ਕਾਰਜ ਕਰਵਾਏ ਗਏ ਉਨ੍ਹਾਂ ਦੀ ਵੀ ਜਾਂਚ ਹੋਵੇ ਜਿਨ੍ਹਾਂ ਵਿਚ ਕਈ ਬੋਗਸ ਬਿੱਲ ਸਾਹਮਣੇ ਆ ਸਕਦੇ ਹਨ।
ਭਾਰਤੀ ਕਿਸਾਨ ਯੂਨੀਅਨ ਦੇ ਉਕਤ ਆਗੂਆਂ ਨੇ ਕਿਹਾ ਕਿ ਪਿੰਡ ਸਹਿਜੋ ਮਾਜਰਾ ਦੀ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਹਟਾਉਣ ਦੇ ਮਾਮਲੇ ਤੋਂ ਬਾਅਦ ਕਿਸਾਨ ਯੂਨੀਅਨ ਪੰਜਾਬ ਵਿਜੀਲੈਂਸ ਵਿਭਾਗ ਅਤੇ ਸਰਕਾਰ ਨੂੰ ਪੱਤਰ ਲਿਖ ਕੇ ਬਲਾਕ ਪੰਚਾਇਤ ਦਫ਼ਤਰ ਵਿਚ ਫੈਲੇ ਭ੍ਰਿਸ਼ਟਾਚਾਰ ਦੀ ਜਾਂਚ ਕਰਵਾਏਗੀ ਤਾਂ ਜੋ ਦਫ਼ਤਰ ਵਿਚ ਕੋਈ ਵੀ ਛੋਟਾ ਜਾਂ ਵੱਡਾ ਅਧਿਕਾਰੀ ਜਿਸ ਨੇ ਘਪਲੇਬਾਜ਼ੀ ਕੀਤੀ ਹੋਵੇਗੀ ਉਸ ਦਾ ਪਰਦਾਫ਼ਾਸ ਕੀਤਾ ਜਾਵੇਗਾ।
ਅੱਜ ਰੋਸ ਧਰਨੇ ਵਿਚ ਦਵਿੰਦਰ ਸਿੰਘ ਗਰੇਵਾਲ, ਕਰਨ ਸਿੰਘ ਕਲੇਰ, ਸਤਨਾਮ ਸਿੰਘ ਉਪਲ, ਅੰਮ੍ਰਿਤਪਾਲ ਸਿੰਘ ਘੁਲਾਲ, ਰਵਿੰਦਰ ਸਿੰਘ ਘੁਲਾਲ, ਅਜਮੇਰ ਸਿੰਘ ਰੋਹਲੇ, ਬਹਾਦਰ ਸਿੰਘ ਰੋਹਲੇ, ਅਵਤਾਰ ਸਿੰਘ ਉਪਲ, ਬਲਦੇਵ ਸਿੰਘ ਉਪਲ, ਪ੍ਰੀਤਮ ਸਿੰਘ ਉਪਲ, ਨਿਰਮਲ ਸਿੰਘ ਡੇਹਲੋਂ, ਨੇਤਰ ਸਿੰਘ ਉਟਾਲਾਂ, ਮੇਜਰ ਸਿੰਘ ਉਟਾਲਾਂ, ਜੁਗਰਾਜ ਸਿੰਘ ਰਾਜਗੜ੍ਹ, ਮਨਦੀਪ ਸਿੰਘ ਘੁਲਾਲ, ਰਮਨਦੀਪ ਸਿੰਘ ਘੁਲਾਲ, ਬਲਦੇਵ ਸਿੰਘ ਗੜ੍ਹੀ, ਗੁਰਚਰਨ ਸਿੰਘ ਗੜ੍ਹੀ, ਸੋਹਣਜੀਤ ਸਿੰਘ ਸਹਿਜੋ ਮਾਜਰਾ, ਜਗਪਾਲ ਸਿੰਘ ਪੂਨੀਆਂ, ਅਮਰਜੀਤ ਸਿੰਘ ਬਾਲਿਓਂ, ਤੇਜਿੰਦਰ ਸਿੰਘ ਬੈਣੀਵਾਲ, ਜਗਜੀਤ ਸਿੰਘ ਸਹਿਜੋ ਮਾਜਰਾ, ਬਲਵੰਤ ਸਿੰਘ ਸਹਿਜੋ ਮਾਜਰਾ ਵੀ ਮੌਜੂਦ ਸਨ।
ਸ਼ਿਕਾਇਤ ਮਿਲਣ ’ਤੇ ਭ੍ਰਿਸ਼ਟਾਚਾਰ ਸਬੰਧੀ ਜਾਂਚ ਕਰਾਂਗੇ: ਐੱਸ.ਡੀ.ਐੱਮ.
ਐੱਸ.ਡੀ.ਐੱਮ. ਰਜਨੀਸ਼ ਅਰੋੜਾ ਨੇ ਕਿਹਾ ਕਿ ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ ਵਿੱਚ ਭ੍ਰਿਸ਼ਟਾਚਾਰ ਸਬੰਧੀ ਕੋਈ ਸ਼ਿਕਾਇਤ ਮਿਲੀ ਤਾਂ ਉਸ ਦੀ ਜ਼ਰੂਰ ਜਾਂਚ ਹੋਵੇਗੀ। ਪੰਚਾਇਤੀ ਜ਼ਮੀਨਾਂ ’ਤੇ ਹੋਏ ਕਬਜ਼ੇ ਹਟਾਉਣ ਸਬੰਧੀ ਉਨ੍ਹਾਂ ਕਿਹਾ ਕਿ ਭਲਕੇ 18 ਸਤੰਬਰ ਨੂੰ ਕਿਸਾਨ ਯੂਨੀਅਨ ਆਗੂਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਜੋ ਉਨ੍ਹਾਂ ਵਲੋਂ ਕਬਜ਼ੇ ਸਬੰਧੀ ਮਾਮਲੇ ਧਿਆਨ ਵਿਚ ਲਿਆਂਦੇ ਹਨ ਉਹ ਹਟਾ ਕੇ ਮਾਮਲਾ ਸੁਲਝਾ ਲਿਆ ਜਾਵੇਗਾ।