ਨੰਬਰਦਾਰਾਂ ਨੂੰ ਦੀਵਾਲੀ ਤੋਂ ਪਹਿਲਾਂ ਮਾਣਭੱਤਾ ਦੇਣ ਦੀ ਮੰਗ
ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਰਮੁੱਖ ਸਿੰਘ ਹਰਬੰਸਪੁਰਾ ਅਤੇ ਤਹਿਸੀਲ ਪ੍ਰਧਾਨ ਰਣਜੀਤ ਸਿੰਘ ਢਿੱਲਵਾਂ ਦੀ ਪ੍ਰਧਾਨਗੀ ਹੇਠ ਸਾਂਝੇ ਤੌਰ ’ਤੇ ਤਹਿਸੀਲ ਕੰਪਲੈਕਸ ਸਮਰਾਲਾ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਰਣਜੀਤ ਸਿੰਘ ਢਿੱਲਵਾਂ ਨੇ ਨਵੇਂ ਬਣੇ ਨੰਬਰਦਾਰ ਤ੍ਰਿਲੋਕ ਸਿੰਘ ਲਾਡੀ ਬਗਲੀ ਕਲਾਂ ਅਤੇ ਬਲਵਿੰਦਰ ਸਿੰਘ ਲਲੌੜੀ ਕਲਾਂ ਨੂੰ ਐਸੋਸੀਏਸ਼ਨ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਗਈ ਅਤੇ ਆਪਣਾ ਕੰਮ ਪੂਰੀ ਇਮਾਨਦਾਰੀ, ਤਨਦੇਹੀ ਅਤੇ ਬਿਨਾਂ ਕਿਸੇ ਦਬਾਓ ਰਹਿਤ ਕਰਨ ਲਈ ਕਿਹਾ। ਉਨ੍ਹਾਂ ਅੱਗੇ ਪੰਜਾਬ ਸਰਕਾਰ ਅਤੇ ਸਮਰਾਲਾ ਤਹਿਸੀਲਦਾਰ ਨੂੰ ਅਪੀਲ ਕੀਤੀ ਕਿ ਦੀਵਾਲੀ ਤੋਂ ਪਹਿਲਾਂ ਤਹਿਸੀਲ ਸਮਰਾਲਾ ਅਤੇ ਮਾਛੀਵਾੜਾ ਦੇ ਸਮੂਹ ਨੰਬਰਦਾਰਾਂ ਦਾ ਮਾਣ ਭੱਤਾ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਾਇਆ ਜਾਵੇ ਤਾਂ ਜੋ ਉਹ ਆਪਣਾ ਦੀਵਾਲੀ ਦਾ ਤਿਉਹਾਰ ਖੁਸ਼ੀ ਖੁਸ਼ੀ ਮਨਾ ਸਕਣ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਰਮੁੱਖ ਸਿੰਘ ਹਰਬੰਸਪੁਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੁੜ ਮੰਗ ਕੀਤੀ ਕਿ ਉਨ੍ਹਾਂ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਸਮੂਹ ਨੰਬਰਦਾਰਾਂ ਨਾਲ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ, ਪਰ ਪੌਣੇ ਚਾਰ ਸਾਲਾਂ ਵਿੱਚ ਪੰਜਾਬ ਦੀ ਮੌਜੂਦਾ ਸਰਕਾਰ ਨੇ ਨੰਬਰਦਾਰਾਂ ਦੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ, ਜਿਸ ਦਾ ਪੰਜਾਬ ਦੇ ਸਮੂਹ ਨੰਬਰਦਾਰਾਂ ਵਿੱਚ ਵਿਆਪਕ ਰੋਸ ਦੀ ਲਹਿਰ ਫੈਲ ਚੁੱਕੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਨੰਬਰਦਾਰਾਂ ਦੀਆਂ ਮੰਗਾਂ ਸਬੰਧੀ ਮੁੜ ਗੌਰ ਕਰਕੇ ਉਨ੍ਹਾਂ ਨੂੰ ਲਾਗੂ ਕੀਤਾ ਜਾਵੇ, ਨਹੀਂ ਮੁੜ 2027 ਦੀਆਂ ਚੋਣਾਂ ਵਿੱਚ ਨੰਬਰਦਾਰਾਂ ਨੂੰ ਸਰਕਾਰ ਦਾ ਵਿਰੋਧ ਕਰਨ ਲਈ ਮਜਬੂਰ ਹੋਣਾ ਪਵੇਗਾ। ਜਿਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਹਾਕਮ ਸਿੰਘ ਹੇੜੀਆਂ ਮੀਤ ਪ੍ਰਧਾਨ, ਕਮਲਜੀਤ ਸਿੰਘ ਖਜਾਨਚੀ, ਅਮਰਜੀਤ ਸਿੰਘ ਸੀਨੀਅਰ ਨੰਬਰਦਾਰ, ਕੁਲਵਿੰਦਰ ਸਿੰਘ ਹਾਜ਼ਰ ਸਨ। ਮੀਟਿੰਗ ਦੇ ਅਖੀਰ ਵਿੱਚ ਤਹਿਸੀਲ ਪ੍ਰਧਾਨ ਰਣਜੀਤ ਸਿੰਘ ਢਿੱਲਵਾਂ ਵੱਲੋਂ ਮੀਟਿੰਗ ਵਿੱਚ ਸ਼ਾਮਲ ਨੰਬਰਦਾਰਾਂ ਦਾ ਧੰਨਵਾਦ ਕੀਤਾ ਅਤੇ ਭਵਿੱਖੀ ਹੱਕੀ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।