ਪੀਏਯੂ ’ਚ ਮਾਤ ਭਾਸ਼ਾ ’ਚ ਪੱਤਰ ਵਿਹਾਰ ਕਰਨ ਦੀ ਮੰਗ
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਮਾਤ ਭਾਸ਼ਾ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਇਸ ਸਬੰਧੀ ਭਾਸ਼ਾ ਪਸਾਰ ਭਾਈਚਾਰੇ ਵੱਲੋਂ ਚਿੱਠੀ ਪੱਤਰ ਵੀ ਲਿਖੇ ਜਾ ਰਹੇ ਹਨ। ਅਕਾਡਮੀ ਦੀ ਪਿਛਲੀ ਪ੍ਰਬੰਧਕੀ ਬੋਰਡ ਦੀ ਮੀਟਿੰਗ ਵਿੱਚ ਵੀ ਇਸ ਗੱਲ ਦਾ ਨੋਟਿਸ ਲਿਆ ਗਿਆ ਸੀ ਕਿ ਯੂਨੀਵਰਸਿਟੀ ਦਾ ਲਗਪਗ ਸਮੁੱਚਾ ਕੰਮ-ਕਾਜ ਅੰਗਰੇਜ਼ੀ ਵਿੱਚ ਹੈ ਅਤੇ ਵੈੱਬਸਾਈਟ ’ਤੇ ਉਪਲਬਧ ਸੂਚਨਾ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹੈ। ਪਿਛਲੇ ਹਫ਼ਤੇ ਅਕਾਡਮੀ ਨੂੰ ਯੂਨੀਵਰਸਿਟੀ ਵਲੋਂ ਇੱਕ ਪੱਤਰ ਮਿਲਿਆ ਤੇ ਉਹ ਵੀ ਅੰਗਰੇਜ਼ੀ ਵਿੱਚ ਲਿਖਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਸਮੁੱਚੇ ਪ੍ਰਬੰਧਕੀ ਬੋਰਡ ਦੀ ਮੀਟਿੰਗ ਵਿੱਚ ਮਹਿਸੂਸ ਕੀਤਾ ਗਿਆ ਕਿ ਮੰਗ ਕੀਤੀ ਜਾਵੇ ਕਿ ਭਾਸ਼ਾ ਪਸਾਰ ਭਾਈਚਾਰੇ ਵਲੋਂ ਉਠਾਈ ਮੰਗ ਬਿਲਕੁਲ ਜਾਇਜ਼ ਹੈ। ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ
ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਦੀਆਂ ਸਮੁੱਚੀਆਂ ਯੂਨੀਵਰਸਿਟੀਆਂ ਵਿੱਚ ਮਾਤ ਭਾਸ਼ਾ ਪੰਜਾਬੀ ਦੀ ਵਰਤੋਂ ਰਾਜ ਭਾਸ਼ਾ 1967 ਦੀਆਂ ਵਿਵਸਥਾਵਾਂ ਅਨੁਸਾਰ ਅਤੀ ਜ਼ਰੂਰੀ ਹੈ। ਸਗੋਂ ਪੀਏਯੂ ਦਾ ਸਬੰਧ ਕਿਸਾਨਾਂ ਨਾਲ ਹੋਣ ਕਰਕੇ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਯੂਨੀਵਰਸਿਟੀ ਦਾ ਗਿਆਨ ਕਿਸਾਨਾਂ ਅਤੇ ਆਮ ਲੋਕਾਂ ਤੱਕ ਪਹੰਚੇ
ਬਿਨਾਂ ਇਹ ਵਿਅਰਥ ਰਹਿ ਜਾਂਦਾ ਹੈ।