ਹੜ੍ਹ ਪੀੜਤ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ
ਕਈ ਦਿਨਾਂ ਦੀ ਬਾਰਿਸ਼ ਨੇ ਕਿਸਾਨਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਇਸ ਨਾਲ ਮਜ਼ਦੂਰ ਵਰਗ ਵੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਇਆ ਹੈ। ਕੰਮ ਨਾ ਮਿਲਣ ਕਰਕੇ ਇਸ ਤਬਕੇ ਲਈ ਦੋ ਵਕਤ ਦੀ ਰੋਟੀ ਦਾ ਸੰਕਟ ਖੜ੍ਹਾ ਹੋ ਗਿਆ ਹੈ। ਇਸ ਲਈ ਸਰਕਾਰ ਮਜ਼ਦੂਰਾਂ ਦੀ ਵੀ ਸਾਰ ਲਏ ਅਤੇ ਇਸ ਵਰਗ ਲਈ ਵੱਖਰੇ ਰਾਹਤ ਪੈਕੇਜ ਦਾ ਐਲਾਨ ਕਰੇ। ਇਹ ਮੰਗ ਅੱਜ ਇਥੇ ਪੇਂਡੂ ਮਜ਼ਦੂਰ ਜਥੇਬੰਦੀਆਂ ਨੇ ਕੀਤਾ। ਪੇਂਡੂ ਮਜ਼ਦੂਰ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਨੁਮਾਇੰਦੇ ਵਧੀਕ ਡਿਪਟੀ ਕਮਿਸ਼ਨਰ ਦੇ ਦਫ਼ਤਰ ਪੁੱਜੇ ਅਤੇ ਪੰਜਾਬ ਸਰਕਾਰ ਦੇ ਨਾਂ ਮੰਗ-ਪੱਤਰ ਸੌਂਪਿਆ। ਪ੍
ਰਧਾਨ ਸੁਖਦੇਵ ਸਿੰਘ ਭੂੰਦੜੀ ਤੇ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਦੀ ਅਗਵਾਈ ਵਿੱਚ ਮੰਗ ਪੱਤਰ ਦੇਣ ਸਮੇਂ ਆਗੂਆਂ ਨੇ ਕਿਹਾ ਕਿ ਕਈ ਦਿਨਾਂ ਤੋਂ ਪੈ ਰਹੀ ਬਾਰਿਸ਼ ਕਾਰਨ ਪੇਂਡੂ ਅਤੇ ਸ਼ਹਿਰੀ ਮਜ਼ਦੂਰਾਂ ਦੀ ਹਾਲਤ ਖਸਤਾ ਹੋ ਗਈ ਹੈ। ਮੀਂਹ ਕਾਰਨ ਗਰੀਬ ਲੋਕਾਂ ਦੀਆਂ ਛੱਤਾਂ ਚੋਣ ਕਾਰਨ ਉਨ੍ਹਾਂ ਵਿੱਚ ਰਹਿਣਾ ਵੀ ਬਹੁਤ ਮੁਸ਼ਕਿਲ ਹੋ ਰਿਹਾ ਹੈ। ਉਨ੍ਹਾਂ ਹਰੇਕ ਪਰਿਵਾਰ ਨੂੰ ਤਰਪਾਲਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਮਕਾਨਾਂ ਦੀਆਂ ਛੱਤਾਂ ਚੋਣ ਕਾਰਨ ਖਰਾਬ ਹੋ ਗਈਆਂ ਹਨ ਜਿਨ੍ਹਾਂ ਨੂੰ ਬਦਲਣ ਵਾਸਤੇ ਫੰਡ ਮੰਗ ਗਏ। ਜਿਹੜੇ ਮਜ਼ਦੂਰਾਂ ਦੇ ਮੀਂਹ ਕਾਰਨ ਮਕਾਨ ਜਾਂ ਛੱਤਾਂ ਡਿੱਗ ਗਈਆਂ ਹਨ ਉਨ੍ਹਾਂ ਲਈ ਵੀ ਢੁੱਕਵੇਂ ਮੁਆਵਜ਼ੇ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਲਗਾਤਾਰ ਮੀਂਹ ਪੈਣ ਕਾਰਨ ਮਜ਼ਦੂਰ ਬੇਰੁਜ਼ਗਾਰ ਹੋ ਗਏ ਹਨ ਤੇ ਉਨ੍ਹਾਂ ਦੇ ਘਰਾਂ ਦੇ ਗੁਜ਼ਾਰੇ ਬਹੁਤ ਔਖੇ ਹੋ ਗਏ ਹਨ। ਹਰ ਪਰਿਵਾਰ ਲਈ 5000 ਰੁਪਏ ਦਾ ਫੌਰੀ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਲੋੜਵੰਦ ਮਜ਼ਦੂਰਾਂ ਨੂੰ ਵਿਸ਼ੇਸ਼ ਕੈਂਪ ਲਾ ਕੇ ਰਾਸ਼ਨ ਵੰਡਿਆ ਜਾਵੇ। ਹੜ੍ਹ ਪੀੜਤਾਂ ਵਾਸਤੇ ਮੈਡੀਕਲ ਤੇ ਪਸ਼ੂ ਪਾਲਨ ਵਾਸਤੇ ਵੈਟਰਨਰੀ ਸੇਵਾਵਾਂ ਮੁਹੱਈਆ ਕਰਾਈਆਂ ਜਾਣ। ਹੜ੍ਹ ਪੀੜਤਾਂ ਵਾਸਤੇ ਅਗਲੇ ਸਾਲ ਦੀ ਹਾੜ੍ਹੀ ਦੀ ਫ਼ਸਲ ਆਉਣ ਤਕ ਯੋਗ ਮਾਲੀ ਮਦਦ ਦਿੱਤੀ ਜਾਵੇ। ਮੰਗ-ਪੱਤਰ ਦੀ ਇਕ ਕਾਪੀ ਉਪ ਮੰਡਲ ਮੈਜਿਸਟਰੇਟ ਦਫ਼ਤਰ ਨੂੰ ਦਿੱਤੀ ਗਈ। ਇਨ੍ਹਾਂ ਮਜ਼ਦੂਰ ਕਾਰਕੁਨਾਂ ਨੇ ਰੋਹ ਭਰਪੂਰ ਰੈਲੀ ਵੀ ਕੀਤੀ।
ਇਸ ਮੌਕੇ ਗੱਲਾਂ ਮਜ਼ਦੂਰ ਯੂਨੀਅਨ ਅਤੇ ਫੂਡ ਐਂਡ ਅਲਾਈਡ ਵਰਕਰਜ਼ ਯੂਨੀਅਨ ਦੇ ਆਗੂਆਂ ਤੋਂ ਇਲਾਵਾ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕਮਲਜੀਤ ਖੰਨਾ ਵੀ ਹਾਜ਼ਰ ਸਨ। ਉਨ੍ਹਾਂ ਤੋਂ ਇਲਾਵਾ ਮਜ਼ਦੂਰ ਆਗੂ ਕੁਲਵੰਤ ਸਿੰਘ ਸੋਨੀ, ਬਖਤੌਰ ਸਿੰਘ ਬੌਰਾ, ਦਿਲਬਾਗ ਸਿੰਘ ਕਮਾਲਪੁਰਾ, ਮਦਨ ਸਿੰਘ ਜਗਰਾਉਂ, ਬਲਦੇਵ ਸਿੰਘ, ਮੌਂਟੀ, ਗੁਰਮੀਤ ਸਿੰਘ, ਹਰਬੰਸ ਸਿੰਘ, ਕੁਲਦੀਪ ਸਿੰਘ, ਬਲਵੀਰ ਸਿੰਘ, ਪਰਦੀਪ ਸਿੰਘ ਰਾਊਵਾਲ ਆਦਿ ਵੀ ਮੌਜੂਦ ਸਨ।