ਹੜ ਪ੍ਰਭਾਵਿਤ ਪਿੰਡਾਂ ਤੇ ਪੀੜਤਾਂ ਲਈ ਮੁਆਵਜ਼ੇ ਦੀ ਮੰਗ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਹਿਲ ਦੇ ਆਧਾਰ ਤੇ ਹੜ੍ਹ ਪ੍ਰਭਾਵਿਤਾਂ ਪਿੰਡਾਂ ਅਤੇ ਪੀੜ੍ਹਤਾਂ ਦੀ ਫੌਰੀ ਸਹਾਇਤਾ ਕੀਤੀ ਜਾਵੇ। ਅੱਜ ਇੱਥੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਮੀਤ ਪ੍ਰਧਾਨ ਮਨੋਹਰ ਸਿੰਘ ਕਲਾੜ ਨੇ ਗੱਲਬਾਤ ਦੌਰਾਨ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਚ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਫੌਰੀ ਮੁਆਵਜ਼ਾ ਰਾਸ਼ੀ ਦੇਣ ਦੀ ਮੰਗ ਕਰਦਿਆ ਕਿਹਾ ਕਿ ਲਗਾਤਾਰ ਬਾਰਿਸ਼ਾ ਨਾਲ ਦਰਿਆ, ਨਹਿਰਾਂ ਅਤੇ ਡੈਮ ਟੁੱਟ ਰਹੇ ਹਨ ਜਿਸ ਨਾਲ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਗਈ ਹੈ। ਉਨ੍ਹਾਂ ਕਿਹਾ ਕਿ ਡੰਗਰ ਪਸ਼ੂ ਮਰ ਰਹੇ ਹਨ ਅਤੇ ਕਈ ਥਾਵਾਂ ਤੇ ਜਾਨੀ ਨੁਕਸਾਨ ਵੀ ਹੋਇਆ ਹੈ। ਪਰ ਸਰਕਾਰਾਂ ਦੇ ਪ੍ਰਤੀਨਿਧ ਜਹਾਜ਼ਾਂ ਵਿੱਚ ਘੁੰਮ ਕੇ ਸਰਵੇ ਕਰ ਜਾਂਦੇ ਹਨ ਅਤੇ ਮੁੜ ਕੇ ਐਲਾਨ ਵੀ ਕਰਦੇ ਹਨ ਪਰ ਬਾਦ ਵਿੱਚ ਉਹ ਕਹੀ ਗਈ ਛੋਟੀ ਛੋਟੀ ਗੱਲ ’ਤੇ ਵੀ ਖਰੇ ਨਹੀ ਉਤਰਦੇ ਜਦਕਿ ਲੋਕ ਸਹਾਇਤਾ ਲਈ ਤਰਸਦੇ ਰਹਿੰਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਸ਼ਰਾਬ ਕਾਂਡ ਦੇ ਪੀੜਤਾਂ ਨੂੰ ਤਾਂ 10-10 ਲੱਖ ਰੁਪਏ ਦਾ ਮੁਆਵਜ਼ਾ ਦੇ ਦਿੰਦੇ ਹਨ ਪਰ ਮਿਹਨਤ ਮੁਸ਼ੱਕਤ ਤੇ ਅਨਾਜ ਭੰਡਾਰ ਭਰਨ ਵਾਲਿਆਂ ਨੂੰ ਕੋਈ ਤਰਜ਼ੀਹ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ 35-35 ਲੱਖ ਕਰੋੜ ਰੁਪਏ ਮਾਫ਼ ਕੀਤੇ ਜਾ ਰਹੇ ਹਨ ਪਰ ਅੰਨਦਾਤਿਆਂ ਦੀ ਕੋਈ ਸਾਰ ਨਹੀ ਲੈਂਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਇਸ ਪਾਸੇ ਧਿਆਨ ਦੇਕੇ ਪੀੜਤਾਂ ਦੀ ਬਾਂਹ ਪਕੜੇ।