ਪੰਚਾਇਤ ਖ਼ਿਲਾਫ਼ ਦਰਜ ਕੇਸ ਰੱਦ ਕਰਾਉਣ ਲਈ ਵਫ਼ਦ ਐੱਸਐੱਸਪੀ ਨੂੰ ਮਿਲਿਆ
ਇੱਥੋਂ ਨੇੜਲੇ ਪਿੰਡ ਅਖਾੜਾ ਦੀ ਸਰਪੰਚ ਦੇ ਪਤੀ ਸਣੇ ਪੰਜ ਮੈਂਬਰ ਪੰਚਾਇਤਾਂ ਖ਼ਿਲਾਫ਼ ਇਕ ਵਿਅਕਤੀ ਦੀ ਖ਼ੁਦਕੁਸ਼ੀ ਮਗਰੋਂ ਦਰਜ ਕੇਸ ਰੱਦ ਕਰਾਉਣ ਲਈ ਵਫ਼ਦ ਜ਼ਿਲ੍ਹਾ ਪੁਲੀਸ ਮੁਖੀ ਡਾ. ਅੰਕੁਰ ਗੁਪਤਾ ਨੂੰ ਮਿਲਿਆ। ਵਫ਼ਦ ਦੇ ਆਗੂਆਂ ਨੇ ਕਿਹਾ ਕਿ ਅਠਾਈ ਜੁਲਾਈ ਨੂੰ ਪਿੰਡ ਦੇ ਜੋਰਾ ਸਿੰਘ ਨਾਂ ਦੇ ਵਿਅਕਤੀ ਨੇ ਖ਼ੁਦਕੁਸ਼ੀ ਕੀਤੀ ਸੀ। ਇਸ ਉਪਰੰਤ ਪੁਲੀਸ ਨੇ ਉਸ ਦੇ ਭਰਾ ਸਵਰਨ ਸਿੰਘ, ਗੁਆਂਢੀ ਸੁਖਦੀਪ ਸਿੰਘ, ਪਿੰਡ ਦੀ ਸਰਪੰਚ ਦੇ ਪਤੀ ਜਸਬੀਰ ਸਿੰਘ ਸਣੇ ਪੰਜ ਪੰਚਾਇਤ ਮੈਂਬਰਾਂ ਖ਼ਿਲਾਫ਼ ਜੋਰਾ ਸਿੰਘ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਦਿੱਤਾ। ਇਸ ਝੂਠਾ ਦੱਸਦਿਆਂ ਵਫ਼ਦ ਵਿੱਚ ਸ਼ਾਮਲ ਬੀਕੇਯੂ (ਡਕੌਂਦਾ) ਦੇ ਆਗੂਆਂ ਤੇ ਪਿੰਡ ਵਾਸੀਆਂ ਨੇ ਐੱਸਐੱਸਪੀ ਨੂੰ ਕੇਸ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਪੁਲੀਸ ਅਧਿਕਾਰੀ ਨੂੰ ਦੱਸਿਆ ਕਿ ਪੰਚਾਇਤ ਵੱਲੋਂ ਜੋਰਾ ਸਿੰਘ ਦੀ ਗਲੀ ’ਚ ਲਗਵਾਈਆਂ ਟਾਈਲਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੁੱਟ ਦਿੱਤੀਆਂ ਸਨ। ਇਸ ਖ਼ਿਲਾਫ਼ ਪੰਚਾਇਤ ਵੱਲੋਂ ਬੀਡੀਪੀਓ ਜਗਰਾਉਂ ਨੂੰ ਮਤਾ ਪਾ ਕੇ ਸ਼ਿਕਾਇਤ ਦਿੱਤੀ ਗਈ ਸੀ। ਇਹ ਸ਼ਿਕਾਇਤ ਸਬੰਧਤ ਅਧਿਕਾਰੀ ਨੇ ਕਾਨੂੰਨੀ ਕਾਰਵਾਈ ਲਈ ਪੁਲੀਸ ਥਾਣਾ ਸਦਰ ਨੂੰ ਭੇਜ ਦਿੱਤੀ। ਇਸ ’ਤੇ ਅਜੇ ਤਕ ਕੋਈ ਕਾਰਵਾਈ ਅਮਲ ਵਿੱਚ ਨਹੀਂ ਆਈ ਅਤੇ ਉਧਰ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ’ਤੇ ਪੁਲੀਸ ਨੇ ਅੱਠ ਪਿੰਡ ਵਾਸੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਵਫ਼ਦ ਨੇ ਦੱਸਿਆ ਕਿ ਸ਼ਿਕਾਇਤ ਮ੍ਰਿਤਕ ਖ਼ਿਲਾਫ਼ ਨਹੀਂ ਸੀ ਪਰ ਕੁਝ ਪਿੰਡ ਵਾਸੀਆਂ ਵੱਲੋਂ ਇਸ ਮਸਲੇ ਨੂੰ ਧੜੇਬੰਦਕ ਰੂਪ ਦੇਣ ਦੀ ਕੋਸ਼ਿਸ਼ ਦੇ ਸਿੱਟੇ ਵਜੋਂ ਕੇਸ ਦਰਜ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਪਿੰਡ ਵਿੱਚ ਬਾਇਓ ਗੈਸ ਫੈਕਟਰੀ ਦੇ ਵਿਰੋਧ ਵਿੱਚ ਪਿਛਲੇ ਸਵਾ ਸਾਲ ਵਿੱਚ ਉੱਸਰਿਆ ਮਿਸਾਲੀ ਏਕਾ ਅਤੇ ਸਰਬਸੰਮਤੀ ਨਾਲ ਬਣਾਈ ਪੰਚਾਇਤ ਪਿੰਡ ਦੇ ਕੁਝ ਲੋਕਾਂ ਨੂੰ ਰਾਸ ਨਹੀਂ ਆਈ। ਵਫ਼ਦ ਵਿੱਚ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, ਕਿਸਾਨ ਆਗੂ ਇੰਦਰਜੀਤ ਸਿੰਘ ਧਾਲੀਵਾਲ, ਪਿੰਡ ਕਮੇਟੀ ਦੇ ਆਗੂ ਸੁਖਜੀਤ ਸਿੰਘ, ਗੁਰਤੇਜ ਸਿੰਘ, ਜਗਦੇਵ ਸਿੰਘ, ਹਰਦੇਵ ਸਿੰਘ, ਤਾਰਾ ਸਿੰਘ ਨੇ ਕਿਹਾ ਕਿ ਕੇਸ ਦਰਜ ਹੋਣ ਕਰ ਕੇ ਪੰਚਾਇਤੀ ਕੰਮਕਾਜ ਪ੍ਰਭਾਵਿਤ ਹੋ ਰਹੇ ਹਨ। ਕੇਸ ਵਿੱਚ ਨਾਮਜ਼ਦ ਚਾਰ ਪੰਚਾਇਤ ਮੈਂਬਰ ਮਜ਼ਦੂਰ ਪਰਿਵਾਰਾਂ ਵਿੱਚੋਂ ਹੋਣ ਕਰ ਕੇ ਉਨ੍ਹਾਂ ਦਾ ਰੁਜ਼ਗਾਰ ਖ਼ਤਮ ਹੋ ਗਿਆ ਹੈ। ਆਗੂਆਂ ਨੇ ਲੋੜ ਪੈਣ ’ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।