ਪੇਂਡੂ ਮਜ਼ਦੂਰ ਯੂਨੀਅਨ ਦਾ ਡੈਲੀਗੇਟ ਇਜਲਾਸ ਮੁਕੰਮਲ
ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਹਾਲ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦਾ ਡੈਲੀਗੇਟ ਇਜਲਾਸ ਹੋਇਆ। ਇਜਲਾਸ ਦੀ ਕਾਰਵਾਈ ਨਿਰਮਲ ਸਿੰਘ ਅਟਵਾਲ, ਕੁਲਵੰਤ ਸਿੰਘ ਸੋਨੀ ਅਤੇ ਨਿਰਮਲ ਸਿੰਘ ਲੱਖਾ ਤਿੰਨ ਮੈਂਬਰੀ ਪ੍ਰਧਾਨਗੀ ਮੰਡਲ ਦੀ ਦੇਖ ਰੇਖ ਹੇਠ ਚਲਾਈ ਗਈ। ਇਜਲਾਸ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਜਲਾਸ ਦੌਰਾਨ ਪਿਛਲੀਆਂ ਸਰਗਰਮੀਆਂ ਅਤੇ ਲੜੇ ਗਏ ਘੋਲਾਂ ਦਾ ਲੇਖਾ ਜੋਖਾ ਕਰਕੇ ਇਸ ਦੌਰਾਨ ਰਹੀਆਂ ਘਾਟਾਂ ਕਮਜ਼ੋਰੀਆਂ ਦੇ ਸਬਕ ਕੱਢੇ ਗਏ। ਇਸ ਮੌਕੇ ਪੈਦਾਵਾਰੀ ਸਾਧਨਾਂ ਤੋਂ ਸਾਧਨਹੀਣ ਧਰਤ ਵਿਹੂਣੇ, ਧਰਤੀ ਜਾਏ ਪੇਂਡੂ ਤੇ ਖੇਤ ਮਜ਼ਦੂਰਾਂ ਦੇ ਮਾੜੇ ਹਾਲਾਂ 'ਤੇ ਫ਼ਿਕਰਮੰਦੀ ਜ਼ਾਹਰ ਕਰਦਿਆਂ ਚਰਚਾ ਹੋਈ ਕਿ ਦਲਿਤ ਗਰੀਬ ਭਾਈਚਾਰੇ ਨਾਲ ਸਬੰਧਤ ਜ਼ਮੀਨ ਵਿਹੂਣੇ ਲੋਕਾਂ ਦੀ ਸਮਾਜਿਕ ਅਤੇ ਆਰਥਿਕ ਹਾਲਤ ਬਹੁਤ ਹੀ ਤਰਸਯੋਗ ਹੈ। ਇਸ ਗਰੀਬ ਵਰਗ ਨੂੰ ਪਹਿਲਾਂ ਮਿਲਦੇ ਰੁਜ਼ਗਾਰ ਦਾ ਦਾਇਰਾ ਬੇਢੱਬੇ ਮਸ਼ੀਨੀਕਰਨ ਅਤੇ ਬੇਲੋੜੇ ਪੈਸਟੀਸਾਈਡ ਨੇ ਬਹੁਤ ਹੀ ਸੀਮਤ ਕਰ ਦਿੱਤਾ ਹੈ। ਪਰ ਇਸ ਪਛੜੇਵੇਂ ਮਾਰੇ ਗਰੀਬ ਭਾਈਚਾਰੇ ਲਈ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਦੀ ਬਜਾਏ ਮਜ਼ਦੂਰਾਂ ਦੀ ਸਮਾਜਿਕ ਸਰੁੱਖਿਆ ਲਈ ਬਣੇ ਕਾਨੂੰਨ ਨੂੰ ਬਦਲ ਕੇ ਮਜ਼ਦੂਰ ਵਿਰੋਧੀ ਬਣਾਇਆ ਜਾ ਰਿਹਾ ਹੈ। ਇਸ ਸਮੇਂ ਜ਼ਮੀਨ ਹੱਦਬੰਦੀ ਕਾਨੂੰਨ ਤੋਂ ਵਾਧੂ ਜ਼ਮੀਨਾਂ ਇਸ ਗਰੀਬ ਵਰਗ ਅਤੇ ਥੁੜ ਜ਼ਮੀਨੇ ਕਿਸਾਨਾਂ ਵਿੱਚ ਤਕਸੀਮ ਕਰਨ, ਦਸ ਦਸ ਮਰਲੇ ਦੇ ਪਲਾਟ ਦੇ ਕੇ ਮਕਾਨ ਉਸਾਰੀ ਲਈ ਗ੍ਰਾਂਟਾਂ ਜਾਰੀ ਕਰਨ ਦੀ ਮੰਗ ਕੀਤੀ ਗਈ। ਮਨਰੇਗਾ ਦਾ ਕੰਮ ਪੂਰਾ ਸਾਲ ਦਿੱਤਾ ਜਾਵੇ ਅਤੇ ਦਿਹਾੜੀ ਸੱਤ ਸੌ ਰੁਪਏ ਕੀਤੀ ਜਾਵੇ। ਸੀਮਤ ਵਿਆਜ਼ ਦਰਾਂ 'ਤੇ ਕਰਜ਼ੇ ਦੇਣਾ ਯਕੀਨੀ ਬਣਾਇਆ ਜਾਵੇ। ਮਜ਼ਦੂਰਾਂ ਦੇ ਪਿਛਲੇ ਸਰਕਾਰੀ ਤੇ ਗੈਰ ਸਰਕਾਰੀ ਸਾਰੇ ਕਰਜ਼ੇ ਰੱਦ ਕੀਤੇ ਜਾਣ। ਡੈਲੀਗੇਟਾ ਵੱਲੋਂ ਸੱਤ ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ। ਸੁਖਦੇਵ ਸਿੰਘ ਮਾਣੂੰਕੇ ਨੂੰ ਜ਼ਿਲ੍ਹਾ ਪ੍ਰਧਾਨ, ਜਗਤਾਰ ਸਿੰਘ ਦੀ ਜ਼ਿਲ੍ਹਾ ਸਕੱਤਰ, ਕੁਲਵੰਤ ਸਿੰਘ ਦੀ ਵਿੱਤ ਸਕੱਤਰ ਵਜੋਂ ਚੋਣ ਕੀਤੀ। ਇਸ ਤੋਂ ਇਲਾਵਾ ਬਖਤੌਰ ਸਿੰਘ, ਸੁਰਿੰਦਰ ਸਿੰਘ ਛਿੰਦਾ ਅਤੇ ਸੁਰਜੀਤ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ ਚੁਣੇ ਗਏ। ਇਕ ਮਤੇ ਰਾਹੀਂ ਗਾਇਕ ਰਾਜਵੀਰ ਜਵੰਦਾ ਦੇ ਵਿਛੋੜੇ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਮ ਸਿੰਘ ਰਸੂਲਪੁਰ, ਦੀਵਾਨ ਸਿੰਘ, ਜਗਸੀਰ ਸਿੰਘ ਡਾਂਗੀਆਂ, ਪਰਮਜੀਤ ਸਿੰਘ, ਜਸਪਾਲ ਸਿੰਘ, ਸੀਤਾ ਸਿੰਘ, ਹਰਬੰਸ ਸਿੰਘ ਅੱਚਰਵਾਲ, ਅਜੈਬ ਸਿੰਘ, ਕਰਨੈਲ ਸਿੰਘ ਕਾਉਂਕੇ, ਗੁਰਚਰਨ ਸਿੰਘ ਟੂਸੇ, ਜਗਰਾਜ ਸਿੰਘ ਗਗੜਾ, ਦਲਜੀਤ ਕੌਰ, ਸਰਬਜੀਤ ਕੌਰ ਆਦਿ ਹਾਜ਼ਰ ਸਨ।