ਕਾਵਿ ਪੁਸਤਕ ‘ਧਰਤਿ ਵੰਗਾਰੇ ਤਖ਼ਤ ਨੂੰ’ ਲੋਕ ਅਰਪਣ
ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਤੇ ਗੁਰਭਜਨ ਗਿੱਲ ਵੱਲੋਂ ਡਾ. ਐਸਪੀ ਸਿੰਘ, ਸੁਖਵਿੰਦਰ ਕੰਬੋਜ ਤੇ ਕੁਲਵਿੰਦਰ ਦੀ ਸੰਪਾਦਕੀ ਸਲਾਹ ਨਾਲ ਸੰਪਾਦਿਤ ਪੁਸਤਕ ‘ਧਰਤਿ ਵੰਗਾਰੇ ਤਖ਼ਤ ਨੂੰ’ ਅੱਜ ਉੱਘੇ ਸਿੱਖਿਆ ਸ਼ਾਸਤਰੀ, ਲੇਖਕ ਪ੍ਰੋ. ਸੁਖਵੰਤ ਸਿੰਘ ਗਿੱਲ ਨੇ ਲੋਕ ਅਰਪਣ ਕੀਤੀ। ਇਸ ਵਿੱਚ ਦੇਸ਼ ਵਿਦੇਸ਼ ਦੇ 200 ਤੋਂ ਵੱਧ ਕਵੀਆਂ ਦੀਆਂ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਪੁਸਤਕ ਲੋਕ ਅਰਪਨ ਕਰਦਿਆਂ ਪ੍ਰੋ. ਸੁਖਵੰਤ ਸਿੰਘ ਗਿੱਲ ਨੇ ਕਿਹਾ ਕਿ ਉਕਤ ਪੁਸਤਕ ਨਿਰਾ ਸੰਪਾਦਿਤ ਕਾਵਿ ਸੰਗ੍ਰਹਿ ਹੀ ਨਹੀਂ ਸਗੋਂ ਕਿਸਾਨ ਮੋਰਚਾ 2020-21 ਦੌਰਾਨ ਸੰਘਰਸ਼ਸ਼ੀਲ ਵਕਤ ਦਾ ਮਹੱਤਵ ਪੂਰਨ ਦਸਤਾਵੇਜ਼ ਹੈ।
ਪੁਸਤਕ ਦੇ ਸੰਪਾਦਕ ਪ੍ਰੋ. ਗੁਰਭਜਨ ਗਿੱਲ ਨੇ ਦੱਸਿਆ ਕਿ ਇਹ ਕਿਤਾਬ ਦਿੱਲੀ ਬਾਰਡਰ ’ਤੇ ਲੱਗੇ ਕਿਸਾਨ ਮੋਰਚੇ ਦੌਰਾਨ ਵੱਖ ਵੱਖ ਪੰਜਾਬੀ ਕਵੀਆਂ ਦਾ ਤੱਤ-ਫੱਟ ਪ੍ਰਤੀਕਰਮ ਹੀ ਹੈ। ਇਸ ਵਿੱਚ ਸੁਰਜੀਤ ਪਾਤਰ, ਵਰਿਆਮ ਸਿੰਘ ਸੰਧੂ, ਸੁਖਵਿੰਦਰ ਅੰਮ੍ਰਿਤ ਤੇ ਜਸਵਿੰਦਰ ਵਰਗੇ ਲੇਖਕਾਂ ਦੀਆਂ ਲਿਖੀਆਂ ਰਚਨਾਵਾਂ ਵੀ ਹਨ। ਉਹਨਾਂ ਦੱਸਿਆ ਕਿ ਇਸ ਕਵਿਤਾ ਵਿੱਚ ਕਈ ਨਵੇਂ ਕਵੀਆਂ ਨੂੰ ਵੀ ਥਾਂ ਦਿੱਤੀ ਗਈ ਹੈ। ਪ੍ਰਿੰ. ਕੁਲਵੰਤ ਕੌਰ ਗਿੱਲ ਤੇ ਪੰਜਾਬ ਜੈਨਕੋ ਦੇ ਚੇਅਰਮੈਨ ਢਾਡੀ ਨਵਜੋਤ ਸਿੰਘ ਮੰਡੇਰ ਨੇ ਵੀ ਵਧਾਈ ਦਿੰਦਿਆਂ ਕਿਹਾ ਕਿ ਲਹਿਰਾਂ ਦੇ ਸਾਹਿਤ ਦੀ ਸੰਭਾਲ ਵੀ ਬਹੁਤ ਵੱਡਾ ਧਰਮ ਹੁੰਦਾ ਹੈ ਕਿਉਂਕਿ ਘਟਨਾਵਾਂ ਬਾਰੇ ਸਮਾਂ ਪੈਣ ਤੇ ਖੋਟ ਰਲ ਸਕਦਾ ਹੈ ਪਰ ਕਾਵਿ ਪ੍ਰਮਾਣ ਸੱਚੇ ਸੁੱਚੇ ਭਾਵਾਂ ਦੀ ਗਵਾਹੀ ਦਿੰਦੇ ਰਹਿਣਗੇ। ਪੁਸਤਕ ਲੋਕ ਅਰਪਨ ਕਰਨ ਵਿੱਚ ਸਵ. ਸੁਰਜੀਤ ਪਾਤਰ ਦੇ ਵੱਡੇ ਲੜਕੇ ਅੰਕੁਰ ਸਿੰਘ ਪਾਤਰ, ਲੋਕ ਸੰਗੀਤਕਾਰ ਜਸਕੰਵਰ ਸਿੰਘ ਮੰਡੇਰ, ਨਵਕੰਵਰ ਸਿੰਘ ਮੰਡੇਰ, ਮਨਪ੍ਰੀਤ ਸਿੰਘ ਤੋਂ ਇਲਾਵਾ ਸੰਪਾਦਕ ਦੇ ਪਰਿਵਾਰਕ ਜੀਅ ਵੀ ਸ਼ਾਮਲ ਸਨ।