ਵਾਲਮੀਕਿ ਜੈਅੰਤੀ ਮੌਕੇ ਸਜਾਈ ਸ਼ੋਭਾ ਯਾਤਰਾ
ਇਥੋਂ ਦੇ ਦਰੇਸੀ ਗਰਾਊਂਡ ਤੋਂ ਭਗਵਾਨ ਵਾਲਮੀਕਿ ਜੈਅੰਤੀ ਦੇ ਸਬੰਧ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਹਰਦੀਪ ਸਿੰਘ ਮੁੰਡੀਆਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਮੌਕੇ ਕੈਬਨਿਟ ਮੰਤਰੀ ਅਰੋੜਾ ਅਤੇ ਮੁੰਡੀਆਂ ਨੇ ਭਗਵਾਨ ਵਾਲਮੀਕਿ ਦੇ ਪ੍ਰਗਟ ਉਤਸਵ ਦੀ ਵਧਾਈ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਾਲਮੀਕਿ ਸਮਾਜ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ। ਇਸ ਮੌਕੇ ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਅਸ਼ਵਨੀ ਸਹੋਤਾ, ਕੌਂਸਲਰ ਅਮਨ ਬੱਗਾ, ਕੌਂਸਲਰ ਜਗਮੀਤ ਸਿੰਘ ਨੋਨੀ, ਪੁਸ਼ਪਿੰਦਰ ਭਨੋਟ ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ।
ਉਨ੍ਹਾਂ ਭਗਵਾਨ ਵਾਲਮੀਕਿ ਦੀਆਂ ਸ਼ਿਖਿਆਵਾਂ ’ਤੇ ਚਲਦਿਆਂ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਅੱਗੇ ਹੋ ਕੇ ਕੰਮ ਕਰਨ ਦੀ ਵਚਨਬੱਧਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਦਾ ਸੰਦੇਸ਼ ਅੱਜ ਦੇ ਯੁੱਗ ਵਿੱਚ ਸਾਰਥਕ ਹੈ ਅਤੇ ਇਸ ’ਤੇ ਅਮਲ ਕਰਕੇ ਸਮਾਜ ਵਿੱਚ ਬਰਾਬਰਤਾ ਲਿਆਂਦੀ ਜਾ ਸਕਦੀ ਹੈ ਜੋਕਿ ਭਗਵਾਨ ਵਾਲਮੀਕਿ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਸ਼ੋਭਾ ਯਾਤਰਾ ਦਰੇਸੀ ਗਰਾਊਂਡ ਤੋਂ ਸ਼ੁਰੂ ਹੋ ਕੇ ਡਿਵੀਜ਼ਨ ਨੰਬਰ 3, ਚੌੜਾ ਬਾਜਾਰ, ਘੰਟਾ ਘਰ ਤੋਂ ਹੁੰਦੀ ਹੋਈ ਜਗਰਾਉਂ ਪੁਲ ਪਹੁੰਚ ਕੇ ਸਮਾਪਤ ਹੋਈ ਜਿੱਥੇ ਅਸ਼ਵਨੀ ਸਹੋਤਾ ਅਤੇ ਹੋਰ ਆਗੂਆਂ ਨੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਸ਼ੋਭਾ ਯਾਤਰਾ ਦੇ ਰੂਟ ਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਸ਼ਰਧਾਲੂਆਂ ਲਈ ਲੰਗਰ ਲਗਾਏ ਗਏ।