ਨਮੀ ਦੇ ਬਹਾਨੇ ਕਾਟ ਕੱਟਣ ਖ਼ਿਲਾਫ਼ ਸੰਘਰਸ਼ ਦਾ ਐਲਾਨ
ਇਥੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਕਿਸਾਨ ਆਗੂਆਂ ਦਾ ਇਕ ਵਫ਼ਦ ਅੱਜ ਰਕਬਾ ਮੰਡੀ (ਮੁੱਲਾਂਪੁਰ) ਵਿੱਚ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਤੇ ਮੰਡੀ ਮਜ਼ਦੂਰਾਂ ਨੂੰ ਮਿਲਿਆ ਤੇ ਉਨ੍ਹਾਂ ਦੇ ਮਸਲੇ ਅਤੇ ਸਮੱਸਿਆਵਾਂ ਸੁਣੀਆਂ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਇਹ ਆਗੂ ਵਫ਼ਦ ਦੇ ਰੂਪ ਵਿੱਚ ਮਾਰਕੀਟ ਕਮੇਟੀ ਮੁੱਲਾਂਪੁਰ ਦੇ ਚੇਅਰਮੈਨ ਹਰਨੇਕ ਸਿੰਘ ਸੇਖੋਂ ਅਤੇ ਸੈਕਟਰੀ ਗੁਰਦੀਪ ਸਿੰਘ ਮਿਲੇ। ਵਫ਼ਦ ਨੇ ਚੇਅਰਮੈਨ ਤੇ ਸੈਕਟਰੀ ਅੱਗੇ ਕਿਸਾਨਾਂ-ਮਜ਼ਦੂਰਾਂ ਦੇ ਮਸਲੇ ਰੱਖੇ ਅਤੇ ਇਨ੍ਹਾਂ ਦਾ ਫੌਰੀ ਹੱਲ ਕਰਨ ਦੀ ਮੰਗ ਕੀਤੀ। ਵਫ਼ਦ ਨੇ ਮੰਗ ਕੀਤੀ ਕਿ ਬੇਮੌਸਮੀ ਤੇ ਭਾਰੀ ਬਾਰਿਸ਼ਾਂ ਦੇ ਸਿੱਟੇ ਵਜੋਂ ਵਧੀ ਸਿੱਲ੍ਹ ਅਤੇ ਆਉਂਦੇ ਦਿਨਾਂ ਵਿੱਚ ਠੰਢ ਦੇ ਵਧਣ ਨਾਲ ਨਮੀ ਵਿੱਚ ਹੋਣ ਵਾਲੇ ਸੰਭਾਵੀਂ ਵਾਧੇ ਕਰਕੇ ਪੰਜਾਬ ਸਰਕਾਰ ਤੱਕ ਇਸ ਹੱਕੀ ਮੰਗ ਨੂੰ ਪਹੁੰਚਦਾ ਕੀਤਾ ਜਾਵੇ ਕਿ ਉਹ ਸਲਾਬ ਦੇ ਮਾਪਦੰਡ ਦੀ ਮਾਤਰਾ 17 ਫ਼ੀਸਦੀ ਤੋਂ ਵਧਾ ਕੇ ਘੱਟੋ ਘੱਟ 20 ਫ਼ੀਸਦੀ ਕਰੇ, ਨਹੀਂ ਤਾਂ ਵਧੀ ਹੋਈ ਸਲਾਬ ਦੇ ਬਹਾਨੇ ਹੇਠ ਸ਼ੈਲਰ ਮਾਲਕ, ਆੜ੍ਹਤੀਆਂ ’ਤੇ ਦਬਾਅ ਪਾ ਕੇ ਜਾਂ ਮਿਲੀਭੁਗਤ ਕਰਕੇ ਲਾਜ਼ਮੀ ਹੀ ਕਿਸਾਨਾਂ ’ਤੇ ਕਾਟ ਮਾਰਨ ਦਾ ਯਤਨ ਕਰਨਗੇ, ਜਿਸ ਨੂੰ ਜਥੇਬੰਦੀ ਤੇ ਹੋਰ ਭਰਾਤਰੀ ਕਿਸਾਨ ਜਥੇਬੰਦੀਆਂ ਬਰਦਾਸ਼ਤ ਨਹੀਂ ਕਰਨਗੀਆਂ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਮਾਰਕੀਟ ਕਮੇਟੀ ਅਧਿਕਾਰੀ ਤੇ ਖਰੀਦ ਏਜੰਸੀਆਂ ਦੇ ਇੰਸਪੈਕਟਰ ਡਿਊਟੀ ਅਨੁਸਾਰ ਕਿਸਾਨਾਂ ਲਈ ਬਿਨਾਂ ਕਿਸੇ ਕਾਟ (ਨਕਦੀ ਜਾਂ ਬੋਰੀਆਂ ਰੂਪੀ) ਦੇ 2389 ਰੁਪਏ ਪ੍ਰਤੀ ਕੁਇੰਟਲ ਝੋਨੇ ਦੇ ਭਾਅ ਯਕੀਨੀ ਬਣਾਉਣ। ਇਸ ਤੋਂ ਇਲਾਵਾ ਗੱਟੇ ਸਣੇ 38 ਕਿੱਲੋ 200 ਗਰਾਮ ਦਾ ਤੋਲ ਲਾਜ਼ਮੀ ਯਕੀਨੀ ਕੀਤਾ ਜਾਵੇ। ਝੋਨੇ ਦੀ ਲਿਫਟਿੰਗ ਦਾ ਕਾਰਜ ਤੇਜ਼ ਕੀਤਾ ਜਾਵੇ, ਦੇਰੀ ਦੀ ਸੂਰਤ ਵਿੱਚ ਮੰਡੀ ਮਜ਼ਦੂਰਾਂ ਸਿਰ ਸ਼ਾਰਟੇਜ ਪਾਉਣੀ ਬੰਦ ਹੋਵੇ ਅਤੇ ਉਨ੍ਹਾਂ ਦੇ ਮਿਹਨਤਾਨੇ ਦੀ ਅਦਾਇਗੀ ਨਾਲੋਂ ਨਾਲ ਕੀਤੀ ਜਾਵੇ। ਵਫ਼ਦ ਨੇ ਮੰਡੀ ਦੇ ਨੇੜੇ ਹੀ ਰਾਏਕੋਟ ਰੋਡ ਦੇ ਕੰਡਿਆਂ ’ਤੇ ਤੜਕੇ ਖੜ੍ਹੇ ਬਾਹਰਲੇ ਸੂਬਿਆਂ ਤੋਂ ਸ਼ੈਲਰ ਮਾਲਕਾਂ ਲਈ ਝੋਨੇ ਦੇ ਵੱਡੇ-ਵੱਡੇ ਟਰਾਲਿਆਂ ਦੀ ਆਮਦ ਦਾ ਗੰਭੀਰ ਮੁੱਦਾ ਵੀ ਚੁੱਕਿਆ। ਚੇਅਰਮੈਨ ਤੇ ਸੈਕਟਰੀ ਨੇ ਭਰੋਸਾ ਦਿਵਾਇਆ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਦਾ ਜਲਦ ਹੱਲ ਕੀਤਾ ਜਾਵੇਗਾ। ਗੈਰਕਾਨੂੰਨੀ ਟਰਾਲਿਆਂ ਬਾਰੇ ਫੌਰੀ ਪੜਤਾਲ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਫ਼ਦ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਕੀਤੀ। ਇਸ ਮੌਕੇ ਜਸਵੰਤ ਸਿੰਘ ਮਾਨ, ਗੁਰਚਰਨ ਸਿੰਘ ਤਲਵੰਡੀ, ਜਥੇਦਾਰ ਗੁਰਮੇਲ ਸਿੰਘ ਢੱਟ, ਹਰਪਾਲ ਸਿੰਘ ਸਵੱਦੀ, ਕਰਨੈਲ ਸਿੰਘ, ਚਰਨਜੀਤ ਸਿੰਘ, ਗੁਰਪਾਲ ਸਿੰਘ, ਕੁਲਦੀਪ ਸਿੰਘ ਸਵੱਦੀ ਆਦਿ ਸ਼ਾਮਲ ਸਨ।
