ਹੜ੍ਹ ਪੀੜਤਾਂ ਦੀ ਮਦਦ ਲਈ ਸਮਰਥਨ ਦਾ ਫੈਸਲਾ
ਇਥੇ ਭਾਰਤੀ ਕਿਸਾਨ ਯੂਨੀਅਨ (ਏਕਤਾਂ-ਉਗਰਾਹਾਂ) ਦੇ ਜ਼ਿਲ੍ਹਾ ਸਕੱਤਰ ਸੁਦਾਗਰ ਸਿੰਘ ਘੁਡਾਣੀ ਅਤੇ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਹੋਈ। ਜਿਸ ਵਿਚ 9 ਸਤੰਬਰ ਨੂੰ ਬਰਨਾਲਾ ਵਿੱਚ ਹੜ੍ਹ ਪੀੜਤਾਂ ਦੀ ਮਦਦ, ਉਨ੍ਹਾਂ ਦੇ ਮੁੜ ਵਸੇਬੇ ਦਾ ਇਤਜ਼ਾਮ ਕਰਨ ਅਤੇ ਹੋਏ ਜਾਨੀ ਮਾਲੀ ਨੁਕਸਾਨ ਦੇ ਮੁਆਵਜ਼ੇ ਲਈ ਕੇਂਦਰ ਤੇ ਸੂਬਾ ਸਰਕਾਰਾਂ ’ਤੇ ਦਬਾਅ ਲਾਮਬੰਦ ਕਰਨ ਦੇ ਵਿਸ਼ਾਲ ਟੀਚੇ ਦੀ ਰਿਪੋਰਟ ਪੇਸ਼ ਕੀਤੀ ਗਈ। ਇਸ ਮੌਕੇ ਸਤਲੁਜ ਨਾਲ ਲੱਗਦੇ ਸਿੱਧਵਾਂ ਬੇਟ ਅਤੇ ਸਸਰਾਲੀ ਬੰਨ੍ਹ ਟੁੱਟਣ ਨਾਲ ਪ੍ਰਭਾਵਿਤ ਪਿੰਡਾਂ ਵਿਚ ਦੋ ਦਿਨਾਂ ਕੀਤੇ ਸਰਵੇ ਅਤੇ ਹੋਏ ਨੁਕਸਾਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਉਪਰੋਕਤ ਆਗੂਆਂ ਨੇ ਕਿਹਾ ਕਿ ਸੂਬਾ ਅਤੇ ਕੇਂਦਰ ਸਰਕਾਰਾਂ ਨੇ ਮੌਸਮ ਵਿਗਿਆਨੀਆਂ ਦੀਆਂ ਗੰਭੀਰ ਚਿਤਾਵਨੀਆਂ ਦੇ ਬਾਵਜੂਦ ਹੜ੍ਹਾਂ ਦੀ ਰੋਕਥਾਮ ਲਈ ਅਗਾਊ ਪ੍ਰਬੰਧ ਨਹੀਂ ਕੀਤੇ ਅਤੇ ਨਾ ਹੀ ਬਾਅਦ ਵਿਚ ਸਰਕਾਰ ਨੇ ਲੋਕਾਂ ਦੀ ਬਾਂਹ ਫੜੀ। ਇਸ ਤੋਂ ਇਲਾਵਾ ਹੜ੍ਹ ਪੀੜਤਾਂ ਨੂੰ ਐਲਾਨੇ ਮੁਆਵਜ਼ੇ ਨੂੰ ਕੋਝਾ ਮਜ਼ਾਕ ਦੱਸਦਿਆਂ ਕਿਹਾ ਕਿ ਖੇਤ ਮਜ਼ਦੂਰਾਂ ਦੇ ਰੁਜ਼ਗਾਰ ਅਤੇ ਘਰਾਂ ਦੇ ਸਮਾਨ ਦੇ ਹੋਏ ਨੁਸਾਨ ਲਈ ਇਕ ਪੈਸਾ ਨਾ ਦੇਣਾ ਸਰਕਾਰ ਦਾ ਮਜ਼ਦੂਰ ਵਿਰੋਧੀ ਚਿਹਰਾ ਨੰਗਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਵੱਖ ਵੱਖ ਸੂਬਾ ਪੱਧਰੀ ਜਨਤਕ ਜੱਥੇਬੰਦੀਆਂ ਵੱਲੋਂ ਇਕ ਲੱਖ ਦੇ ਕਰੀਬ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਮੁਹਿੰਮ ਵਿਚ ਸਹਿਯੋਗ ਦੇਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਵਿਚ ਪਹਿਲ ਦੇ ਆਧਾਰ ’ਤੇ ਮਜ਼ਦੂਰਾਂ, ਘੱਟ ਜ਼ਮੀਨ ਅਤੇ ਬੇਜ਼ਮੀਨੇ ਕਿਸਾਨਾਂ ਦੇ ਪਰਿਵਾਰਾਂ ਨੂੰ ਚੁਣਿਆ ਜਾਵੇਗਾ। ਇਸ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਵਾਹੀਯੋਗ ਬਣਾਉਣ, ਫਸਲ ਦੀ ਬਿਜਾਈ, ਮਜ਼ਦੂਰਾਂ ਦੇ ਘਰਾਂ ਦੀ ਉਸਾਰੀ ਤੇ ਮੁਰੰਮਤ, ਕਿਸਾਨਾਂ ਦੇ ਘਰਾਂ ਲਈ 6 ਮਹੀਨਿਆਂ ਦਾ ਰਾਸ਼ਨ, ਦਵਾਈਆਂ, ਕੱਪੜੇ, ਵਿਦਿਆਰਥੀਆਂ ਲਈ ਕਿਤਾਬਾਂ, ਸਟੇਸ਼ਨਰੀ, ਪਸ਼ੂਆਂ ਲਈ ਅਚਾਰ, ਹਰੇ ਚਾਰੇ ਅਤੇ ਤੂੜੀ ਆਦਿ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇਗਾ।