ਚੰਡੀਗੜ੍ਹ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਦਾ ਫ਼ੈਸਲਾ
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਦਿੱਲੀ ਕਿਸਾਨ ਅੰਦੋਲਨ ਮੌਕੇ 26 ਨਵੰਬਰ ਨੂੰ ਚੰਡੀਗੜ੍ਹ ਸੈਕਟਰ-34 ਵਿੱਚ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਬਾਕੀ ਮੰਗਾਂ ਨੂੰ ਲਾਗੂ ਕਰਨ ਦੀ ਕੇਂਦਰ ਸਰਕਾਰ ਤੋਂ ਮੰਗ ਕਰੇਗੀ। ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਅੱਜ ਘੁਲਾਲ ਦੇ ਗੁਰਦੁਆਰਾ ਸਾਹਿਬ ਵਿੱੱਚ ਚੰਡੀਗੜ੍ਹ ਰੈਲੀ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਜਨਰਲ ਸਕੱਤਰ ਮਨਪ੍ਰੀਤ ਸਿੰਘ ਘੁਲਾਲ ਨੇ ਦੱਸਿਆ ਕਿ ਇਸ ਮੌਕੇ ਕਿਸਾਨ ਆਪਣੀਆਂ ਰਹਿੰਦੀਆਂ ਮੰਗਾਂ ਲਾਗੂ ਕਰਵਾਉਣ, ਬਿਜਲੀ ਸੋਧ ਬਿੱਲ 2025 ਵਾਪਸ ਲੈਣ ਸਬੰਧੀ, ਪੰਜਾਬ ਦੇ ਹੜ੍ਹ ਪੀੜਤਾਂ ਦੀਆਂ ਮੰਗਾਂ ਮਨਵਾਉਣ ਅਤੇ ਹੜ੍ਹਾਂ ਦੀ ਪੂਰਨ ਰੂਪ ਵਿੱਚ ਰੋਕਥਾਮ ਕਰਨ, ਟੈਕਸ ਮੁਕਤ ਵਪਾਰ ਸਮਝੌਤੇ ਦਾ ਵਿਰੋਧ, ਗੰਨਾ ਉਤਪਾਦਕਾਂ ਦੀਆਂ ਮੰਗਾਂ ਮਨਵਾਉਣ, ਪੰਜਾਬ ਯੂਨੀਵਸਸਿਟੀ ਦੀਆਂ ਸੈਨਿਟ ਚੋਣਾਂ ਬਹਾਲ ਕਰਾਉਣ ਸਬੰਧੀ ਮਸਲੇ ਵਿਚਾਰੇ ਜਾਣਗੇ। ਇਸ ਸਬੰਧੀ ਸਮਰਾਲਾ ਇਲਾਕੇ ਦੇ ਕਿਸਾਨ ਚੰਡੀਗੜ੍ਹ ਜਾਣ ਲਈ ਦਿਆਲਪੁਰਾ ਬਾਈਪਾਸ ਕੋਲ ਇਕੱਤਰ ਹੋਣਗੇ ਅਤੇ ਆਪੋ-ਆਪਣੇ ਵਾਹਨਾਂ ਰਾਹੀਂ ਇੱਕ ਵੱਡੇ ਜਥੇ ਦੇ ਰੂਪ ਵਿੱਚ ਚੰਡੀਗੜ੍ਹ ਰਵਾਨਾ ਹੋਣਗੇ। ਉਨ੍ਹਾਂ ਕਿਸਾਨਾਂ ਨੂੰ 26 ਨਵੰਬਰ ਨੂੰ ਚੰਡੀਗੜ੍ਹ ਪੁੱਜਣ ਦੀ ਅਪੀਲ ਕੀਤੀ।
