ਸੰਘਰਸ਼ ਜਿੱਤਣ ਦੀ ਖ਼ੁਸ਼ੀ ਵਿੱਚ ਸ਼ੁਕਰਾਨਾ ਸਮਾਗਮ ਦਾ ਫ਼ੈਸਲਾ
ਵਿਵਾਦਤ ਤੇ ਰੱਦ ਕਰ ਦਿੱਤੀ ਗਈ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਸੰਘਰਸ਼ ਦਾ ਪਿੜ ਬੰਨ੍ਹਣ ਵਾਲੇ ਜਗਰਾਉਂ ਇਲਾਕੇ ਦੇ ਤਿੰਨ ਪਿੰਡਾਂ ਮਲਕ, ਪੋਨਾ ਤੇ ਅਲੀਗੜ੍ਹ ਵਾਸੀਆਂ ਨੇ ਸ਼ੁਕਰਾਨਾ ਸਮਾਗਮ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਪੋਨਾ ਵਿੱਚ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਜਵੰਦਾ ਦੇ ਦਫ਼ਤਰ ਵਿੱਚ ਹੋਈ ਮੀਟਿੰਗ ਵਿੱਚ ਲਏ ਫ਼ੈਸਲੇ ਸਬੰਧੀ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਨੁਮਾਇੰਦੇ ਦੀਦਾਰ ਸਿੰਘ ਮਲਕ, ਗੁਰਵਿੰਦਰ ਸਿੰਘ ਪੋਨਾ, ਸਰਪੰਚ ਹਰਪ੍ਰੀਤ ਸਿੰਘ ਰਾਜੂ, ਨਿਰਭੈ ਸਿੰਘ ਸਿੱਧੂ, ਸਵਰਨ ਸਿੰਘ ਢਿੱਲੋਂ, ਹਰਜੋਤ ਸਿੰਘ ਉੱਪਲ, ਸੁਖਪਾਲ ਸਿੰਘ ਢਿੱਲੋਂ, ਜਗਦੇਵ ਸਿੰਘ, ਲੱਕੀ ਪੋਨਾ, ਸ਼ਿੰਦਰਪਾਲ ਸਿੰਘ ਢਿੱਲੋਂ, ਹਰਜਿੰਦਰ ਸਿੰਘ ਮਲਕ, ਚਰਨਜੀਤ ਸਿੰਘ ਨੇ ਕਿਹਾ ਕਿ ਕਿਸਾਨ ਸੰਘਰਸ਼ ਦੀ ਜਿੱਤ ਦੀ ਖੁਸ਼ੀ ਵਿੱਚ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸਿੱਧਵਾਂ ਕਲਾਂ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਅਖੰਡ ਪਾਠ 22 ਅਗਸਤ ਨੂੰ ਕਰਵਾਏ ਜਾਣਗੇ। ਉਨ੍ਹਾਂ ਸਮੂਹ ਸੰਗਤ ਨੂੰ ਪੁੱਜਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਸਮੇਂ ਲੈਂਡ ਪੂਲਿੰਗ ਨੀਤੀ, ਸੰਘਰਸ਼ ਤੇ ਜਿੱਤ ਬਾਰੇ ਬੁਲਾਰੇ ਅਹਿਮ ਜਾਣਕਾਰੀ ਸਾਂਝੀ ਕਰਨਗੇ।