ਡੀਸੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਨਿਰੀਖਣ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਸਤੰਬਰ
ਸਤਲੁਜ ਦਰਿਆ ਅਤੇ ਬੁੱਢਾ ਦਰਿਆ ਵਿੱਚ ਲਗਾਤਾਰ ਮੀਂਹ ਕਾਰਨ ਪਾਣੀ ਦੇ ਪੱਧਰ ਦੇ ਵਧਣ ਨਾਲ ਡਿਪਟੀ ਕਮਿਸ਼ਨਰ (ਡੀ.ਸੀ) ਹਿਮਾਂਸ਼ੂ ਜੈਨ ਨੇ ਸੋਮਵਾਰ ਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਨਾਲ-ਨਾਲ ਧੁੱਸੀ ਬੰਨ੍ਹ ਅਤੇ ਸ਼ਹਿਰੀ ਖੇਤਰਾਂ ਦਾ ਡੂੰਘਾਈ ਨਾਲ ਨਿਰੀਖਣ ਕੀਤਾ ਤਾਂ ਜੋ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ ਅਤੇ ਰੋਕਥਾਮ ਉਪਾਅ ਲਾਗੂ ਕੀਤੇ ਜਾ ਸਕਣ। ਡੀ.ਸੀ ਹਿਮਾਂਸ਼ੂ ਜੈਨ ਨੇ ਬੁੱਢਾ ਦਰਿਆ ਦੇ ਨਾਲ ਲੱਗਦੇ ਖਹਿਰਾ ਬੇਟ, ਰਾਜਾਪੁਰ, ਤਲਵੰਡੀ ਨੌਬਾਦ, ਤਲਵਾੜਾ, ਬਾਰਨਹਾਰਾ ਅਤੇ ਚੰਦਰ ਨਗਰ ਸਮੇਤ ਮਹੱਤਵਪੂਰਨ ਥਾਵਾਂ ਦਾ ਦੌਰਾ ਕੀਤਾ।
ਖਹਿਰਾ ਬੇਟ ਵਿਖੇ ਨਿਰੀਖਣ ਦੌਰਾਨ ਹਿਮਾਂਸ਼ੂ ਜੈਨ ਨੇ ਪਾਣੀ ਦੇ ਪੱਧਰ ਵਿੱਚ ਲਗਾਤਾਰ ਵਾਧਾ ਦੇਖਿਆ ਅਤੇ ਸਥਿਤੀ ਦੀ ਨਿਗਰਾਨੀ ਅਤੇ ਪ੍ਰਬੰਧਨ ਲਈ ਤੁਰੰਤ ਇੱਕ ਸਥਾਈ ਟੀਮ ਤਾਇਨਾਤ ਕਰਨ ਦੇ ਹੁਕਮ ਦਿੱਤੇ। ਸਥਾਨਕ ਪਿੰਡ ਵਾਸੀਆਂ ਨੇ ਨੁਕਸਾਨ ਦੀ ਰਿਪੋਰਟ ਦਿੱਤੀ, ਹੜ੍ਹ ਕਾਰਨ ਕਈ ਏਕੜ ਝੋਨਾ ਅਤੇ ਪਾਪੂਲਰ ਫਸਲਾਂ ਡੁੱਬ ਗਈਆਂ। ਪਿੰਡ ਵਾਸੀਆਂ ਦੀਆਂ ਬੇਨਤੀਆਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਅਧਿਕਾਰੀਆਂ ਨੂੰ ਪ੍ਰਭਾਵਿਤ ਵਸਨੀਕਾਂ ਨੂੰ ਉਨ੍ਹਾਂ ਦੇ ਸਮਾਨ ਦੀ ਸੁਰੱਖਿਆ ਵਿੱਚ ਸਹਾਇਤਾ ਕਰਨ ਲਈ ਪਿੰਡ ਪੰਚਾਇਤ ਨੂੰ 100 ਤਰਪਾਲਾਂ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ 24 ਘੰਟੇ ਚੌਕਸੀ ਰੱਖਣ ਦੇ ਨਿਰਦੇਸ਼ ਦਿੱਤੇ ਤਾਂ ਜੋ ਵਸਨੀਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਹੋਰ ਨੁਕਸਾਨ ਨੂੰ ਰੋਕਿਆ ਜਾ ਸਕੇ।
ਤਲਵੰਡੀ ਨੌਬਾਦ ਵਿੱਚ ਡੀ.ਸੀ ਨੇ ਧੁੱਸੀ ਬੰਨ੍ਹ ਦਾ ਨਿਰੀਖਣ ਕੀਤਾ। ਪਿੰਡ ਵਾਸੀਆਂ ਨਾਲ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸਮਝਣ ਲਈ ਗੱਲਬਾਤ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਨਿਰੰਤਰ ਨਿਗਰਾਨੀ ਰੱਖਣ ਅਤੇ ਹਰ ਸਮੇਂ ਪ੍ਰਤੀਕਿਰਿਆ ਟੀਮਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਤਲਵਾੜਾ ਅਤੇ ਬਾਰਨਹਾਰਾ ਵਿੱਚ ਜਿੱਥੇ ਬੁੱਢਾ ਦਰਿਆ ਦੇ ਬੰਨ੍ਹਾਂ ਵਿੱਚ ਪਾੜਾਂ ਦੀ ਰਿਪੋਰਟ ਕੀਤੀ ਗਈ ਸੀ, ਹਿਮਾਂਸ਼ੂ ਜੈਨ ਨੇ ਪਾੜਾਂ ਨੂੰ ਭਰਨ ਲਈ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ, ਟੀਮਾਂ ਨੂੰ ਮੁਰੰਮਤ ਕਰਨ ਅਤੇ ਹੋਰ ਨੁਕਸਾਨ ਨੂੰ ਘਟਾਉਣ ਲਈ ਤੁਰੰਤ ਭੇਜਿਆ ਗਿਆ।
ਇਸ ਤੋਂ ਪਹਿਲਾਂ ਦਿਨ ਵਿੱਚ ਡੀਸੀ ਹਿਮਾਂਸ਼ੂ ਜੈਨ ਅਤੇ ਐਮਸੀ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਬੁੱਢਾ ਦਰਿਆ ਦੇ ਨਾਲ ਲੱਗਦੇ ਵਾਧੂ ਖੇਤਰਾਂ ਦਾ ਸਰਵੇਖਣ ਕੀਤਾ। ਹੜ੍ਹ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਖੇਤਰਾਂ ਦੀ ਰੱਖਿਆ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਡੀਸੀ ਜੈਨ ਨੇ ਜਾਨ-ਮਾਲ ਦੀ ਸੁਰੱਖਿਆ ਲਈ ਉਨ੍ਹਾਂ ਨੇ ਕਿਹਾ ਕਿ ਅਸੀਂ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਆਪਣੇ ਭਾਈਚਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਜ਼ਰੂਰੀ ਕਦਮ ਚੁੱਕ ਰਹੇ ਹਾਂ। ਉਨ੍ਹਾਂ ਕਿਹਾ ਕਿ ਟੀਮਾਂ ਵਧਦੇ ਪਾਣੀ ਦੇ ਪੱਧਰ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰ ਹਨ।
ਆਉਣ ਵਾਲੇ ਦਿਨਾਂ ਵਿੱਚ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਇੱਕ ਲੱਖ ਕਿਊਸਿਕ ਤੱਕ ਪਹੁੰਚਣ ਦੇ ਅਨੁਮਾਨ ਦੇ ਨਾਲ ਡੀ.ਸੀ ਨੇ ਨੀਵੇਂ ਇਲਾਕਿਆਂ ਦੇ ਵਸਨੀਕਾਂ ਨੂੰ ਚੌਕਸ ਰਹਿਣ ਅਤੇ ਪ੍ਰਸ਼ਾਸਨ ਦੇ ਯਤਨਾਂ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਾਈ ਅਲਰਟ ’ਤੇ ਹੈ। ਧੁੱਸੀ ਬੰਨ੍ਹ ਦੇ ਨੇੜੇ ਨਾਜ਼ੁਕ ਥਾਵਾਂ ’ਤੇ ਸਥਾਈ ਟੀਮਾਂ ਤਾਇਨਾਤ ਹਨ ਤਾਂ ਜੋ ਵਧਦੀ ਸਥਿਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਿਆ ਜਾ ਸਕੇ।