ਦਿਆਲਪੁਰਾ ਨੇ ਦੋਫਾੜ ਹੋਈ ਟਰੱਕ ਯੂਨੀਅਨ ਨੂੰ ਇੱਕਜੁਟ ਕੀਤਾ
ਦਿ ਟਰੱਕ ਅਪਰੇਟਰ ਯੂਨੀਅਨ ਮਾਛੀਵਾੜਾ ਸਾਹਿਬ ਦੀ ਕੁਝ ਦਿਨ ਪਹਿਲਾਂ ਚੋਣ ਹੋਈ ਸੀ ਪਰ ਉਸ ਸਮੇਂ ਇੱਕ ਧੜੇ ਵਲੋਂ ਬਾਗੀ ਹੋ ਕੇ ਆਪਣੀ ਵੱਖਰੀ ਯੂਨੀਅਨ ਦਾ ਦਫ਼ਤਰ ਖੋਲ੍ਹ ਲਿਆ ਸੀ। ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਅੱਜ ਦੋਵਾਂ ਹੀ ਯੂਨੀਅਨਾਂ ਦੇ ਟਰੱਕ ਆਪ੍ਰੇਟਰਾਂ ਨੂੰ ਇਕੱਠੇ ਕਰ ਇੱਕਜੁਟ ਕਰ ਇੱਕ ਯੂਨੀਅਨ ਬਣਾ ਦਿੱਤੀ। ਇਸ ਯੂਨੀਅਨ ਨੂੰ ਇੱਕਜੁਟ ਕਰਨ ਵਿਚ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਵੀ ਅਹਿਮ ਭੂਮਿਕਾ ਨਿਭਾਈ। ਯੂਨੀਅਨ ਦੀ ਇੱਕਜੁਟਤਾ ਦੌਰਾਨ ਇਹ ਫੈਸਲਾ ਹੋਇਆ ਕਿ ਬਲਪ੍ਰੀਤ ਸਿੰਘ ਸ਼ਾਮਗੜ੍ਹ ਪ੍ਰਧਾਨ ਦੇ ਅਹੁਦੇ ’ਤੇ ਰਹਿਣਗੇ ਜਦਕਿ ਜਸਵੀਰ ਸਿੰਘ ਨੂੰ ਉਪ ਪ੍ਰਧਾਨ ਬਣਾਇਆ ਗਿਆ। ਇਸ ਤੋਂ ਇਲਾਵਾ ਇੱਕ 9 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਜਾਵੇਗਾ ਜੋ ਕਿ ਟਰੱਕ ਆਪ੍ਰੇਟਰਾਂ ਦੇ ਹਿੱਤਾਂ ਲਈ ਕੰਮ ਕਰੇਗੀ।
ਇਸ ਮੌਕੇ ਟਰੱਕ ਅਪਰੇਟਰਾਂ ਨੇ ਵਿਧਾਇਕ ਦਿਆਲਪੁਰਾ ਕੋਲ ਮੁੱਦਾ ਉਠਾਇਆ ਕਿ ਪਿਛਲੇ ਕਣਕ ਦੇ ਸੀਜ਼ਨ ਦੌਰਾਨ ਉਨ੍ਹਾਂ ਵਲੋਂ ਢੋਆ-ਢੁਆਈ ਦਾ ਜੋ ਕੰਮ ਕੀਤਾ ਹੋਇਆ ਹੈ ਉਸਦੀ ਅਜੇ ਤੱਕ ਅਦਾਇਗੀ ਨਹੀਂ ਹੋਈ। ਵਿਧਾਇਕ ਦਿਆਲਪੁਰਾ ਨੇ ਯਕੀਨ ਦਿਵਾਇਆ ਕਿ ਜਲਦ ਹੀ ਸਬੰਧਿਤ ਠੇਕੇਦਾਰ ਨਾਲ ਰਾਬਤਾ ਕਾਇਮ ਕਰ ਜੋ ਵੀ ਟਰੱਕ ਆਪ੍ਰੇਟਰਾਂ ਦੀ ਮਿਹਨਤ ਦੀ ਕਮਾਈ ਹੋਵੇਗੀ ਉਹ ਜ਼ਰੂਰ ਦਿਵਾਈ ਜਾਵੇਗੀ।