ਬਾਸਕਿਟਬਾਲ ’ਚ ਡੀਏਵੀ ਸਕੂਲ ਨੂੰ ਦੋ ਸੋਨ ਤਗ਼ਮੇ
ਡੀਏਵੀ ਪਬਲਿਕ ਸਕੂਲ ਪੱਖੋਵਾਲ ਨੇ ਸੀਬੀਐਸਈ ਕਲੱਸਟਰ ਪੱਧਰੀ ਟੂਰਨਾਮੈਂਟ-2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੀਬੀਐੱਸਈ ਕਲੱਸਟਰ ਬਾਸਕਟਬਾਲ ਟੂਰਨਾਮੈਂਟ ਦੀ ਅੰਡਰ-14 ਅਤੇ ਅੰਡਰ-17 ਲੜਕਿਆਂ ਦੀ ਕੈਟਾਗਰੀ ਵਿੱਚ ਸੋਨੇ ਦੇ ਤਗਮੇ ਪ੍ਰਾਪਤ ਕਰਕੇ ਸਕੂਲ ਦਾ ਨਾਂ ਹੋਰ ਉੱਚਾ ਕੀਤਾ ਹੈ।
ਬੀਸੀਐੱਮ ਸਕੂਲ ਸੈਕਟਰ-32 ਵਿੱਚ ਹੋਏ ਇਸ ਟੂਰਨਾਮੈਂਟ ਵਿੱਚ ਕੋਚ ਰਾਜੇਸ਼ ਠਾਕੁਰ ਦੀ ਅਗਵਾਈ ਵਿੱਚ ਟੀਮ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਹਿੱਸਾ ਲਿਆ। ਸੀਬੀਐੱਸਈ ਕਲੱਸਟਰ ਬਾਸਕਟਬਾਲ ਚੈਂਪੀਅਨਸ਼ਿਪ ਲੜਕੇ ਅੰਡਰ-14 ਅਤੇ 17 ਜਦਕਿ ਅੰਡਰ-17 ਲੜਕੀਆਂ ਦੀ ਸ਼੍ਰੇਣੀ ਵਿੱਚ ਸਕੂਲ ਦੀਆਂ ਟੀਮਾਂ ਨੇ ਸੋਨੇ ਦੇ ਤਗਮੇ ਜਿੱਤ ਕੇ ਇਤਿਹਾਸਕ ਰਚਿਆ ਹੈ। ਇਸੇ ਤਰ੍ਹਾਂ ਲੜਕੀਆਂ ਅੰਡਰ-19 ਹੈਂਡਬਾਲ ਦੀ ਟੀਮ ਨੇ ਡੀਐੱਮਐੱਸ ਪਬਲਿਕ ਸਕੂਲ, ਅਸਾਵਰੀ ਚਰਖੀ ਦਾਦਰੀ ਹਰਿਆਣਾ ਵੱਲੋਂ ਕਰਵਾਈ ਸੀਬੀਐੱਸਈ ਨੌਰਥ ਜ਼ੋਨ ਹੈਂਡਬਾਲ ਚੈਂਪੀਅਨਸ਼ਿਪ ਵਿੱਚ ਸਕੂਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਕੌਮੀ ਟੂਰਨਾਮੈਂਟ ਵਿੱਚ ਆਪਣੀ ਜਗ੍ਹਾ ਬਣਾਈ।
ਇਸੇ ਤਰ੍ਹਾਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿੱਚ ਹੋਈ ਸੀਬੀਐੱਸਈ 18ਵੀਂ ਕਲੱਸਟਰ ਪੱਧਰੀ ਵਾਲੀਬਾਲ ਚੈਂਪੀਅਨਸ਼ਿਪ ਵਿੱਚ ਵੀ ਸਕੂਲ ਦੀਆਂ ਅੰਡਰ-14 ਅਤੇ ਅੰਡਰ-19 ਲੜਕੀਆਂ ਦੀਆਂ ਟੀਮਾਂ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਸਕੂਲ ਦੀ ਸ੍ਰਿਸ਼ਟੀ ਅਤੇ ਰੀਤ ਕੌਰ ਨੂੰ ਉਨ੍ਹਾਂ ਦੀਆਂ ਸਬੰਧਤ ਸ਼੍ਰੇਣੀਆਂ ਵਿੱਚ ਸਰਵੋਤਮ ਖਿਡਾਰਣਾ ਦਾ ਪੁਰਸਕਾਰ ਦਿੱਤਾ ਗਿਆ। ਸ਼੍ਰੀ ਠਾਕੁਰ ਨੇ ਇਸ ਪ੍ਰਾਪਤੀ ਦਾ ਸਿਹਰਾ ਵਿਦਿਆਰਥੀਆਂ ਵੱਲੋਂ ਕੀਤੀ ਮਿਹਨਤ ਦੇ ਸਿਰ ਬੰਨ੍ਹਿਆ ਹੈ। ਪ੍ਰਿੰਸੀਪਲ ਡਾ. ਸਤਵੰਤ ਕੌਰ ਭੁੱਲਰ ਨੇ ਸਰੀਰਕ ਸਿੱਖਿਆ ਵਿਭਾਗ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੀ ਵਧੀਆ ਕਾਰਗੁਜ਼ਾਰੀ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਬੇਮਿਸਾਨ ਪ੍ਰਾਪਤੀਆਂ ਲਈ ਉਤਸ਼ਾਹਿਤ ਕੀਤਾ।