ਰੱਸੀ ਟੱਪਣ ਦੇ ਮੁਕਾਬਲੇ ਵਿੱਚ ਡੀ ਏ ਵੀ ਸਕੂਲ ਨੇ ਮੱਲਾਂ ਮਾਰੀਆਂ
ਸਥਾਨਕ ਡੀ ਏ ਵੀ ਸਕੂਲ ਨੇ ਸੂਬਾ ਪੱਧਰੀ ਰੱਸੀ ਟੱਪਣ ਦੇ ਮੁਕਾਬਲੇ ਵਿੱਚ ਮੱਲਾਂ ਮਾਰੀਆਂ ਹਨ। ਪ੍ਰਿੰਸੀਪਲ ਵੇਦਵਰਤ ਪਲਾਹ ਨੇ ਦੱਸਿਆ ਕਿ ਡੀ ਏ ਵੀ ਸਟੇਟ ਲੈਵਲ ਰੋਪ ਸਕਿਪਿੰਗ ਦੇ ਮੁਕਾਬਲੇ ਲੁਧਿਆਣਾ ਵਿੱਚ ਕਰਵਾਏ ਗਏ। ਇਨ੍ਹਾਂ ਵਿੱਚ ਸਥਾਨਕ ਡੀ ਏ ਵੀ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰੋਪ ਸਕਿਪਿੰਗ ਅੰਡਰ-17 (ਲੜਕੇ) ਵਿੱਚ ਅਰਜੁਨ ਜੈਨ ਨੇ ਇੰਡਿਓਰਸ ਤਿੰਨ ਮਿੰਟ ਵਿੱਚ ਸੋਨ ਤਗ਼ਮਾ, ਸਿਧਾਰਥ ਜੈਨ ਨੇ ਫਰੀ ਸਟਾਈਲ ਡੇਢ ਮਿੰਟ ਵਿੱਚ ਸੋਨ ਤਗਮਾ, ਵਿਵਾਨ ਗੋਇਲ ਨੇ ਜੋਗਿੰਗ ਤੀਹ ਸਕਿੰਟ ਵਿੱਚ ਸੋਨ ਤਗ਼ਮਾ ਅਤੇ ਗੁਰਜੋਤ ਸਿੰਘ ਨੇ ਹੋਪ ਵਿੱਚ ਤੀਹ ਸਕਿੰਟ ਵਿੱਚ ਚਾਂਦੀ ਦਾ ਤਗ਼ਮਾ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਅੰਡਰ-19 ਵਿੱਚ ਨਿਤਿਨ ਸਿੰਗਲਾ ਨੇ ਜੋਗਿੰਗ ਤੀਹ ਸਕਿੰਟ ਵਿੱਚ ਸੋਨ ਤਗ਼ਮਾ ਪ੍ਰਾਪਤ ਕੀਤਾ। ਟੀਮ ਈਵੈਂਟ ਵਿੱਚ ਅੰਡਰ-17 ਵਿੱਚ ਸਿਧਾਰਥ ਜੈਨ ਅਤੇ ਅਰਜੁਨ ਜੈਨ ਨੇ ਡਬਲ ਵਿੱਚ ਸੋਨ ਤਗ਼ਮਾ ਜਿੱਤਿਆ। ਗੁਰਜੋਤ ਸਿੰਘ ਅਤੇ ਵਿਵਾਨ ਗੋਇਲ ਨੇ ਜੋਗਿੰਗ ਵਿੱਚ ਸੋਨ ਤਗ਼ਮਾ ਪ੍ਰਾਪਤ ਕੀਤਾ। ਇਨ੍ਹਾਂ ਵਿਦਿਆਰਥੀਆਂ ਨੂੰ ਟਰਾਫ਼ੀ ਵੀ ਦਿੱਤੀ ਗਈ। ਅੰਡਰ-19 ਜੋਗਿੰਗ ਵਿੱਚ ਨਿਤਿਨ ਸਿੰਗਲਾ ਨੇ ਫਸਟ ਰਨਰਅਪ ਦੀ ਟਰਾਫ਼ੀ ਵੀ ਪ੍ਰਾਪਤ ਕੀਤੀ। ਇਨ੍ਹਾਂ ਖਿਡਾਰੀਆਂ ਦਾ ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਪਲਾਹ ਨੇ ਨਿੱਘਾ ਸਵਾਗਤ ਕੀਤਾ ਅਤੇ ਜਿੱਤ ਹਾਸਲ ਕਰਨ 'ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਸਕੂਲ ਦੇ ਡੀ ਪੀ ਈ ਹਰਦੀਪ ਸਿੰਘ ਬਿੰਜਲ, ਸੁਰਿੰਦਰ ਪਾਲ ਵਿੱਜ, ਸੁਰਿੰਦਰ ਕੌਰ ਤੂਰ ਵੀ ਮੌਜੂਦ ਸਨ।
