ਡੀਏਵੀ ਸਕੂਲ ਦੇ ਤੀਰਅੰਦਾਜ਼ਾਂ ਨੇ ਸੋਨ ਤਗਮਾ ਜਿੱਤਿਆ
ਸਥਾਨਕ ਡੀਏਵੀ ਸਕੂਲ ਦੇ ਤੀਰਅੰਦਾਜ਼ਾਂ ਨੇ ਡੀਏਵੀ ਸੂਬਾ ਪੱਧਰੀ ਟੂਰਨਾਮੈਂਟ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਇਸ ਨਾਲ ਡੀਏਵੀ ਦੇ ਇਨ੍ਹਾਂ ਖਿਡਾਰੀਆਂ ਨੇ ਨੈਸ਼ਨਲ ਪੱਧਰ ਦੀਆ ਖੇਡਾਂ ਵਿੱਚ ਸਥਾਨ ਪੱਕਾ ਕੀਤਾ ਹੈ। ਪ੍ਰਿੰਸੀਪਲ ਡਾਕਟਰ ਵੇਦ ਵ੍ਰਤ ਪਲਾਹ ਨੇ ਦੱਸਿਆ ਕਿ ਡੀਏਵੀ ਰਾਜ ਪੱਧਰੀ ਟੂਰਨਾਮੈਂਟ ਪੁਲੀਸ ਡੀਏਵੀ ਜਲੰਧਰ ਵਿੱਚ ਹੋਇਆ ਜਿਸ ਦੇ ਤੀਰਅੰਦਾਜ਼ੀ ਮੁਕਾਬਲੇ ਵਿੱਚ ਇਸ ਸਕੂਲ ਦੇ ਅਰਚਰੀ ਖਿਡਾਰੀਆਂ ਨੇ ਆਪਣੀ ਨਿਸ਼ਾਨੇਬਾਜ਼ੀ ਦਾ ਸਰਵੋਤਮ ਪ੍ਰਦਰਸ਼ਨ ਕਰਕੇ ਕੁੱਲ ਛੇ ਸੋਨ ਤਗ਼ਮੇ ਜਿੱਤੇ ਹਨ। ਇਸ ਤੋਂ ਇਲਾਵਾ ਗਿਆਰਾਂ ਚਾਂਦੀ ਅਤੇ ਇਕ ਕਾਂਸੇ ਦਾ ਤਗ਼ਮਾ ਵੀ ਜਿੱਤਿਆ। ਇਨ੍ਹਾਂ ਖਿਡਾਰੀਆਂ ਨੇ ਤਿੰਨ ਟੀਮ ਟਰਾਫ਼ੀਆਂ ਜਿੱਤ ਕੇ ਨੈਸ਼ਨਲ ਖੇਡਾਂ ਵਿੱਚ ਆਪਣੀ ਜਗ੍ਹਾ ਬਣਾਈ ਹੈ। ਅਨੁਸ਼ਕਾ ਸ਼ਰਮਾ ਨੇ ਅੰਡਰ-17 ਤਿੰਨ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਅਤੇ ਫਸਟ ਰਨਰਅੱਪ ਦੀ ਟਰਾਫ਼ੀ ਪ੍ਰਾਪਤ ਕੀਤੀ। ਕੁੜੀਆਂ ਇੰਡੀਅਨ ਰਾਊਂਡ ਅੰਡਰ-14 ਵਿੱਚ ਟਵੀਸ਼ਾ ਨੇ ਤਿੰਨ ਸੋਨ ਤਗ਼ਮੇ ਅਤੇ ਪਰਾਸੀ ਰਾਣੀ ਨੇ ਤਿੰਨ ਚਾਂਦੀ ਦੇ ਤਗ਼ਮੇ ਪ੍ਰਾਪਤ ਕਰਕੇ ਓਵਰਆਲ ਫਸਟ ਟੀਮ ਟਰਾਫ਼ੀ ਜਿੱਤੀ। ਲੜਕਿਆਂ ਇੰਡੀਅਨ ਰਾਊਂਡ ਅੰਡਰ-14 ਵਿੱਚ ਕ੍ਰਿਸ਼ਵ ਗੁਪਤਾ ਨੇ ਤਿੰਨ ਸੋਨ ਅਤੇ ਕ੍ਰਿਸ਼ਵ ਦੁੱਗਲ ਨੇ ਤਿੰਨ ਚਾਂਦੀ ਦੇ ਤਗ਼ਮੇ ਹਾਸਲ ਕੀਤੇ। ਭਵਈਸ਼ਵਰ ਸਿੰਘ ਨੇ ਦੋ ਚਾਂਦੀ ਅਤੇ ਇੱਕ ਕਾਂਸੇ ਦਾ ਤਗ਼ਮਾ ਪ੍ਰਾਪਤ ਕਰਕੇ ਅੰਡਰ-14 ਸਾਲਾ ਖਿਡਾਰੀਆਂ ਨੇ ਓਵਰਆਲ ਫਸਟ ਰਨਰ ਅੱਪ ਦੀ ਟਰਾਫ਼ੀ ਪ੍ਰਾਪਤ ਕੀਤੀ। ਇਹ ਛੇ ਖਿਡਾਰੀ ਨੈਸ਼ਨਲ ਖੇਡਾਂ ਲਈ ਵੀ ਚੁਣੇ ਗਏ ਹਨ। ਇਸ ਤੋਂ ਇਲਾਵਾ ਸੌਰਿਆ ਗੇਦਰ ਅਤੇ ਤਾਰੰਕ ਸ਼ਰਮਾ ਨੇ ਵੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਪਲਾਹ ਨੇ ਅੱਜ ਇਨ੍ਹਾਂ ਖਿਡਾਰੀਆਂ ਦਾ ਸਕੂਲ ਵਿੱਚ ਵਿਸ਼ੇਸ਼ ਸਨਮਾਨ ਕੀਤਾ। ਇਸ ਸਮੇਂ ਡੀਪੀਈ ਹਰਦੀਪ ਸਿੰਘ ਬਿੰਜਲ, ਡੀਪੀਈ ਸੁਰਿੰਦਰ ਪਾਲ ਵਿੱਜ ਅਤੇ ਡੀਪੀਈ ਸੁਰਿੰਦਰ ਕੌਰ ਤੂਰ ਤੇ ਬਾਕੀ ਸਟਾਫ਼ ਵੀ ਮੌਜੂਦ ਸੀ।