ਹੁਸ਼ਿਆਰਪੁਰ ਦੇ ਡੀਏਵੀ ਕਾਲਜ ਨੇ ਜਿੱਤੀ ਓਵਰਆਲ ਟਰਾਫੀ
ਸਥਾਨਕ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵਿਮੈਨ ਵਿੱਚ ਐਜੂਕੇਸ਼ਨ ਕਾਲਜਾਂ ਦੇ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਦੀ ਓਵਰਆਲ ਟਰਾਫੀ ਹੁਸ਼ਿਆਰਪੁਰ ਦੇ ਡੀਏਵੀ ਕਾਲਜ ਆਫ ਐਜੂਕੇਸ਼ਨ ਨੇ ਜਿੱਤ ਲਈ ਹੈ। ਚਾਰ ਦਿਨ ਚੱਲੇ ਇਨ੍ਹਾਂ ਮੁਕਾਬਲਿਆਂ ਵਿੱਚ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਏ। ਇਹ ਮੇਲਾ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਤ੍ਰਿਪਤਾ ਅਤੇ ਪ੍ਰਬੰਧਕੀ ਸਕੱਤਰ ਡਾ. ਅਵਨਿੰਦਰਪ੍ਰੀਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ।
ਇਸ ਯੁਵਕ ਮੇਲੇ ਵਿੱਚ ਪੰਜਾਬ ਦੇ ਵੱਖ ਵੱਖ 25 ਕਾਲਜਾਂ ਦੇ ਵਿਦਿਆਰਥੀਆਂ ਨੇ ਭੰਗੜਾ, ਗਿੱਧਾ, ਗ਼ਜ਼ਲ, ਲੋਕ ਗੀਤ, ਗਰੁੱਪ ਫੋਕ, ਕਲਾਸੀਕਲ ਵੋਕਲ, ਸਕਿੱਟ, ਮੀਮੀਕਰੀ, ਮਾਈਮ, ਵਨ ਐਕਟ ਪਲੇਅ, ਹਿਸਟਰੀਓਨਿਕਸ, ਭੰਡ, ਡਿਬੇਟ, ਕਵਿਤਾ, ਪਾਠ, ਮੁਹਾਵਰੇਦਾਰ ਵਾਰਤਾਲਾਪ ਅਤੇ ਕੁਇਜ਼ ਮੁਕਾਬਲਿਆਂ ਵਿੱਚ ਹਿੱਸਾ ਲਿਆ। ਹੁਸ਼ਿਆਰਪੁਰ ਦੇ ਡੀਏਵੀ ਕਾਲਜ ਆਫ ਅਜੂਕੇਸ਼ਨ ਦੇ ਹਿੱਸੇ ਓਵਰਆਲ ਟਰਾਫੀ ਆਈ। ਫਸਟ ਰਨਰ ਅੱਪ ਟਰਾਫੀ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵਿਮੈਨ, ਲੁਧਿਆਣਾ ਨੇ ਜਿੱਤੀ ਜਦਕਿ ਸੈਕੰਡ ਰਨਰ ਅੱਪ ਟਰਾਫੀ ਗਵਰਨਮੈਂਟ ਕਾਲਜ ਆਫ ਐਜੂਕੇਸ਼ਨ, ਸੈਕਟਰ-20 ਚੰਡੀਗੜ੍ਹ ਨੇ ਆਪਣੇ ਨਾਮ ਕੀਤੀ।
ਇਸ ਯੁਵਕ ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਪੰਜਾਬ ਯੂਨੀਵਰਸਿਟੀ ਦੇ ਡਾਇਰੈਕਟਰ ਯੂਥ ਵੈਲਫੇਅਰ ਡਾ. ਸੁਖਜਿੰਦਰ ਰਿਸ਼ੀ, ਸੰਯੁਕਤ ਡਾਇਰੈਕਟਰ ਡਾ. ਤੇਜਿੰਦਰ ਗਿੱਲ ਅਤੇ ਹੋਰਨਾਂ ਨੇ ਕੀਤਾ ਸੀ। ਦੂਜੇ ਦਿਨ ਪ੍ਰਸਿੱਧ ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ, ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ। ਤੀਜੇ ਦਿਨ ਪਰੰਪਰਾਗਤ ਔਰਤਾਂ ਦੇ ਗੀਤ, ਗਿੱਧਾ, ਝੂਮਰ, ਮਲਵਈ ਗਿੱਧਾ, ਸਮੀ, ਲੁੱਡੀ, ਕ੍ਰੋਸ਼ੀਆ, ਪੱਖੀ ਡਿਜ਼ਾਈਨ ਆਦਿ ਦੇ ਮੁਕਾਬਲੇ ਖਿੱਚ ਦਾ ਕੇਂਦਰ ਰਹੇ। ਤੀਜੇ ਦਿਨ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਐਸਜੇ ਸੇਖੋਂ, ਕਾਲਜ ਨੇਜਕਰ ਕਮੇਟੀ ਮੈਂਬਰਾਂ, ਕੁਸ਼ਲ ਢਿੱਲੋਂ, ਰਵਿੰਦਰ ਕੌਰ, ਮਨਮੀਤ ਕੌਰ, ਰਮਨਪ੍ਰੀਤ ਕੌਰ, ਨਵਨੀਤ ਕੌਰ ਆਦਿ ਨੇ ਸਮਾਗਮ ਦੀ ਸ਼ੋਭਾ ਵਧਾਈ। ਯੁਵਕ ਮੇਲੇ ਦੇ ਆਖਰੀ ਦਿਨ ਇੰਨਕਮ ਟੈਕਸ ਲੁਧਿਆਣਾ ਦੇ ਕਮਿਸ਼ਨਰ ਰਵਿੰਦਰ ਮਿੱਤਲ, ਐਸਡੀਐਮ ਲੁਧਿਆਣਾ ਜਸਲੀਨ ਭੁੱਲਰ, ਪ੍ਰਬੰਧਕੀ ਕਮੇਟੀ ਮੈਂਬਰ ਕੁਸ਼ਲ ਢਿੱਲੋਂ ਅਤੇ ਖਾਲਸਾ ਇੰਸਟੀਚਿਊਟ ਦੇ ਡਾਇਰੈਕਟਰ ਡਾ. ਮੁਕਤੀ ਗਿੱਲ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਡਾ. ਗੁਰਮੀਤ ਸਿੰਘ ਨੇ ਯੁਵਕ ਮੇਲੇ ਵਿੱਚ ਸ਼ਿਰਕਤ ਕਰਨ ਵਾਲੇ ਵਿਦਿਆਰਥੀਆਂ, ਵੱਖ ਵੱਖ ਕਾਲਜਾਂ ਦੇ ਪ੍ਰਬੰਧਕਾਂ, ਪ੍ਰਿੰਸੀਪਲਾਂ ਅਤੇ ਸਟਾਫ ਦਾ ਧੰਨਵਾਦ ਕੀਤਾ।