ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਮੰਡੀ ਦਾ ਦੌਰਾ
ਇਥੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਕਿਸਾਨ ਕਾਫਲੇ ਨੇ ਅੱਜ ਸਵੱਦੀ ਕਲਾਂ ਤੇ ਤਲਵੰਡੀ ਕਲਾਂ ਮੰਡੀਆਂ ਵਿੱਚ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਤੇ ਮੰਡੀ ਮਜ਼ਦੂਰਾਂ ਨੂੰ ਮਿਲ ਕੇ ਉਨ੍ਹਾਂ ਦੇ ਮਸਲੇ ਅਤੇ ਸਮੱਸਿਆਵਾਂ ਸੁਣੀਆਂ ਤੇ ਇਨ੍ਹਾਂ ਦੇ ਢੁੱਕਵੇਂ ਤੇ ਫੌਰੀ ਹੱਲ ਲਈ ਹੱਕੀ ਆਵਾਜ਼ ਬੁਲੰਦ ਕੀਤੀ। ਕਿਸਾਨ ਕਾਫਲੇ ਨੇ ਜ਼ੋਰਦਾਰ ਮੰਗ ਉਭਾਰੀ ਕਿ ਬੇਮੌਸਮੀ ਤੇ ਭਾਰੀ ਬਾਰਸ਼ਾਂ ਦੇ ਸਿੱਟੇ ਵਜੋਂ ਵਧੀ ਸਿੱਲ੍ਹ ਅਤੇ ਆਉਂਦੇ ਦਿਨਾਂ ਵਿੱਚ ਠੰਡ ਦੇ ਵਧਣ ਨਾਲ ਨਮੀਂ ਵਿੱਚ ਹੋਣ ਵਾਲੇ ਸੰਭਾਵੀ ਵਾਧੇ ਕਰਕੇ ਸਿੱਲ੍ਹ ਦੇ ਮਾਪਦੰਡ ਦੀ ਮਾਤਰਾ 17 ਫ਼ੀਸਦੀ ਤੋਂ ਵਧਾ ਕੇ ਘੱਟੋ ਘੱਟ 20 ਫ਼ੀਸਦੀ ਕੀਤਾ ਜਾਵੇ ਨਹੀਂ ਤਾਂ ਵਧੀ ਹੋਈ ਸਿੱਲ੍ਹ ਦੇ ਬਹਾਨੇ ਹੇਠ ਸ਼ੈੱਲਰ ਮਾਲਕ ਆੜ੍ਹਤੀਆਂ ’ਤੇ ਦਬਾਅ ਪਾ ਕੇ ਜਾਂ ਮਿਲੀਭੁਗਤ ਕਰ ਕੇ ਕਿਸਾਨਾਂ ’ਤੇ ਕਾਟ ਮਾਰਨ ਦਾ ਯਤਨ ਨਾ ਕਰ ਸਕਣ। ਜਥੇਬੰਦੀ ਤੇ ਹੋਰ ਭਰਾਤਰੀ ਕਿਸਾਨ ਜਥੇਬੰਦੀਆਂ ਇਸ ਨੂੰ ਕਦਾਚਿੱਤ ਬਰਦਾਸ਼ਤ ਨਹੀਂ ਕਰਨਗੀਆਂ। ਕਿਸਾਨ ਕਾਫਲੇ ਨੇ ਜ਼ੋਰਦਾਰ ਮੰਗ ਬੁਲੰਦ ਕੀਤੀ ਕਿ ਮਾਰਕੀਟ ਕਮੇਟੀ ਅਧਿਕਾਰੀ ਤੇ ਖਰੀਦ ਏਜੰਸੀਆਂ ਦੇ ਇੰਸਪੈਕਟਰ ਆਪਣੀ ਡਿਊਟੀ ਅਨੁਸਾਰ ਕਿਸਾਨਾਂ ਲਈ ਬਿਨਾਂ ਕਿਸੇ ਕਾਟ ਨਕਦੀ ਜਾਂ ਬੋਰੀਆਂ ਰੂਪੀ, ਦੇ 2389 ਰੁਪਏ ਪ੍ਰਤੀ ਕੁਇੰਟਲ ਝੋਨੇ ਦੇ ਭਾਅ ਯਕੀਨੀ ਬਣਾਉਣ। ਇਸ ਤੋਂ ਇਲਾਵਾ ਗੱਟੇ ਸਣੇ 38 ਕਿਲੋ 200 ਗਰਾਮ ਦਾ ਤੋਲ ਲਾਜ਼ਮੀ ਯਕੀਨੀ ਕੀਤਾ ਜਾਵੇ। ਝੋਨੇ ਦੀ ਲਿਫਟਿੰਗ ਦਾ ਕਾਰਜ ਤੇਜ਼ ਕੀਤਾ ਜਾਵੇ, ਦੇਰੀ ਦੀ ਸੂਰਤ ਵਿੱਚ ਮੰਡੀ ਮਜ਼ਦੂਰਾਂ ਸਿਰ ਸ਼ਾਰਟੇਜ ਪਾਉਣੀ ਬੰਦ ਹੋਵੇ। ਇਸ ਕਾਫਲੇ ਵਿੱਚ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਜਸਦੇਵ ਸਿੰਘ ਲਲਤੋਂ ਜਸਵੰਤ ਸਿੰਘ ਮਾਨ, ਗੁਰਚਰਨ ਸਿੰਘ ਤਲਵੰਡੀ, ਗੁਰਮੇਲ ਸਿੰਘ ਢੱਟ, ਹਰਪਾਲ ਸਿੰਘ ਸਵੱਦੀ ਆਦਿ ਸ਼ਾਮਲ ਸਨ।
