ਖੋਖਲੇ ਪੁਲਾਂ ਤੋਂ ਖ਼ਤਰਾ! ਮੀਂਹ ਦੌਰਾਨ ਖੁਰ ਕੇ ਰੁੜੀ ਮਿੱਟੀ
ਲੁਧਿਆਣਾ-ਫਿਰੋਜ਼ਪੁਰ ਕੌਮੀ ਰਾਹ ਦੇ ਪੁਲ ਅੱਜ ਮੁੜ ਚਰਚਾ ਵਿੱਚ ਆ ਗਏ। ਅੱਜ ਥੋੜ੍ਹੀ ਦੇਰ ਲਈ ਪਏ ਤੇਜ਼ ਮੀਂਹ ਦੌਰਾਨ ਇਨ੍ਹਾਂ ਪੁਲਾਂ ਦੇ ਦੋਵੇਂ ਪਾਸਿਆਂ ਤੋਂ ਮਿੱਟੀ ਖੁਰ ਕੇ ਪਾਣੀ ਦੇ ਨਾਲ ਵਗਣ ਲੱਗ ਪਈ। ਪੁਲਾਂ ਦੇ ਨਾਲ ਬਣੀਆਂ ਸਰਵਿਸ ਲੇਨਾਂ ਤੋਂ ਲੰਘਣ ਵਾਲੇ ਲੋਕ ਇਸ ਦੀ ਵੀਡੀਓ ਬਣਾਉਂਦੇ ਅਤੇ ਕੁਝ ਲਾਈਵ ਹੋ ਕੇ ਸਮੱਸਿਆ ਨੂੰ ਉਭਾਰਦੇ ਦਿਖਾਈ ਦਿੱਤੇ। ਲੋਕਾਂ ਦਾ ਕਹਿਣਾ ਹੈ ਕਿ ਸਾਰੇ ਪੁਲ ਠੋਸ ਬਣਾਉਣ ਦੀ ਥਾਂ ਪਾਸਿਆਂ ’ਤੇ ਮਿੱਟੀ ਪਾ ਕੇ ਬਣਾਏ ਗਏ ਹਨ ਤੇ ਖਰਚਾ ਬਚਾਉਣ ਲਈ ਸੀਮਿੰਟ ਦੀਆਂ ਸਲੈਬਾਂ ਪਾ ਕੇ ਖਾਲੀ ਥਾਂ ਢੱਕ ਦਿੱਤੀ ਗਈ ਹੈ। ਜਦੋਂ ਵੀ ਕਦੇ ਮੀਂਹ ਪੈਂਦਾ ਹੈ ਤਾਂ ਇਨ੍ਹਾਂ ਸਲੈਬਾਂ ਹੇਠੋਂ ਮਿੱਟੀ ਵਗਣ ਲੱਗ ਪੈਂਦੀ ਹੈ ਤੇ ਸਰਵਿਸ ਲੇਨਾਂ ਮਿੱਟੀ ਨਾਲ ਭਰ ਜਾਂਦੀਆਂ ਹਨ।
ਸਥਾਨਕ ਸ਼ੇਰਪੁਰਾ ਚੌਕ ਦੀ ਖ਼ਬਰ ਤਾਂ ਕਈ ਵਾਰ ਚਰਚਾ ਦਾ ਵਿਸ਼ਾ ਬਣੀ ਹੈ। ਇਕ ਵਾਰ ਮੌਜੂਦਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਇਸੇ ਪੁਲ ’ਤੇ ਪਹੁੰਚੇ ਸਨ ਤੇ ਉਨ੍ਹਾਂ ਇਸ ਮੁੱਦੇ ਨੂੰ ਉਭਾਰਿਆ ਸੀ। ਜਿਸ ਮਗਰੋਂ ਪੁਲ ਦੀ ਮੁਰੰਮਤ ਕਰ ਦਿੱਤੀ ਗਈ। ਇਸ ਤਰ੍ਹਾਂ ਖੁਰਨ ਵਾਲੀ ਮਿੱਟੀ ਕਰਕੇ ਪੁਲਾਂ ਦੇ ਪਾਸਿਆਂ ’ਤੇ ਕਈ ਥਾਈਂ ਬੂਟੇ ਉੱਗ ਆਏ ਹਨ। ਅਜਿਹੀ ਹਾਲਤ ਵਿੱਚ ਇਨ੍ਹਾਂ ਪੁਲਾਂ ’ਤੋਂ ਲੰਘਣਾ ਖਤਰੇ ਤੋਂ ਖਾਲੀ ਨਹੀਂ।
ਅੱਜ ਪਿੰਡ ਅਲੀਗੜ੍ਹ ਨੇੜਲੇ ਪੁਲ ਤੋਂ ਮਿੱਟੀ ਦੀਆਂ ਧਾਰਾਂ ਵੱਜਦੀਆਂ ਦਿਖਾਈ ਦਿੱਤੀਆਂ। ਇਸ ਸਮੇਂ ਮੌਜੂਦ ਕਾਂਗਰਸੀ ਆਗੂ ਤੇ ਸਾਬਕਾ ਚੇਅਰਮੈਨ ਰਛਪਾਲ ਸਿੰਘ ਤਲਵਾੜਾ ਤੇ ਹਰਪਾਲ ਸਿੰਘ ਹਾਂਸ ਨੇ ਕਿਹਾ ਕਿ ਜੇ ਧਿਆਨ ਨਾ ਦਿੱਤਾ ਤਾਂ ਇਹ ਅਣਗਹਿਲੀ ਵੱਡੇ ਹਾਦਸੇ ਦਾ ਕਾਰਨ ਬਣੇਗੀ। ਨਗਰ ਸੁਧਾਰ ਸਭਾ ਦੇ ਆਗੂ ਅਵਤਾਰ ਸਿੰਘ ਤੇ ਕੰਵਲਜੀਤ ਖੰਨਾ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ ਹੈ। ਇਸ ਸਮੱਸਿਆ ਸਬੰਧੀ ਪੁਲ ਬਣਾਉਣ ਵਾਲੀ ਕੰਪਨੀ ਦੇ ਚੌਕੀਮਾਨ ਟੌਲ ਸਥਿਤ ਮੈਨੇਜਰ ਅਜੈ ਕੁਮਾਰ ਨਾਲ ਗੱਲ ਕਰਨ ਲਈ ਕਾਲ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।