ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਾਈਨਿੰਗ ਤੇ ਓਵਰਲੋਡ ਟਿੱਪਰਾਂ ਨਾਲ ਸਤਲੁਜ ਦੇ ਬੰਨ੍ਹ ਕਮਜ਼ੋਰ ਹੋਏ

ਬੰਨ੍ਹਾਂ ਦੀ ਮੁਰੰਮਤ ਕਰਨ ਦੀ ਮੰਗ; ਭਾਜਪਾ ਬੁਲਾਰੇ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ
Advertisement

 

ਗੁਰਿੰਦਰ ਸਿੰਘ

Advertisement

ਲੁਧਿਆਣਾ, 24 ਜੂਨ

ਭਾਜਪਾ ਪੰਜਾਬ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਪੱਤਰ ਲਿਖ ਕੇ ਹਲਕਾ ਸਾਹਨੇਵਾਲ ਅੰਦਰ ਸਤਲੁਜ ਦਰਿਆ ਵਿੱਚ ਹੋਈ ਮਾਈਨਿੰਗ ਕਾਰਨ ਤੇ ਓਵਰਲੋਡ ਟਿੱਪਰਾਂ ਕਾਰਨ ਕਮਜ਼ੋਰ ਹੋਏ ਬੰਨ੍ਹਾਂ ਦੀ ਮੁਰੰਮਤ ਨਾ ਹੋਣ ਕਰਕੇ ਬਣੇ ਖ਼ਤਰੇ ਤੋਂ ਜਾਣੂ ਕਰਾਇਆ ਗਿਆ ਹੈ।

ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਬਲੀਏਵਾਲ ਨੇ ਕਿਹਾ ਕਿ ਉਨ੍ਹਾਂ ਨੇ ਪੱਤਰ ਵਿੱਚ ਲਿਖਿਆ ਹੈ ਕਿ ਮੌਨਸੂਨ ਨੇ ਪੰਜਾਬ ਵਿੱਚ ਦਸਤਕ ਦੇ ਦਿੱਤੀ ਹੈ ਅਤੇ ਇਸ ਵਾਰ ਬਰਸਾਤ ਜ਼ਿਆਦਾ ਹੋਣ ਦੇ ਆਸਾਰ ਹਨ ਪਰ ਸਰਕਾਰ ਵੱਲੋਂ ਅਜੇ ਤੱਕ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੇ ਅਜੇ ਤੱਕ ਸਤਲੁਜ ਦਰਿਆ ਦੇ ਬੰਨ੍ਹਾਂ ਦਾ ਜਾਇਜ਼ਾ ਨਹੀਂ ਲਿਆ ਕਿ ਦਰਿਆ ਵਿੱਚ ਕਿੱਥੇ ਕਿੱਥੇ ਦੇ ਕਿਨਾਰੇ ਕਮਜ਼ੋਰ ਹੋ ਗਏ ਹਨ।

ਸ੍ਰੀ ਬਲੀਏਵਾਲ ਨੇ ਕਿਹਾ ਕਿ ਪਿਛਲੇ ਦਿਨੀਂ ਸੰਗਰੂਰ ਜ਼ਿਲ੍ਹੇ ਦੇ ਖਡਿਆਲ ਪਿੰਡ ਵਿੱਚ ਨਹਿਰ ਵਿੱਚ ਪਾੜ ਦੀ ਵਾਪਰੀ ਘਟਨਾ ਨੇ ਇੱਕ ਵਾਰ ਫ਼ਿਰ ਹੜ੍ਹ ਸੁਰੱਖਿਆ ਢਾਂਚੇ ਦੀ ਨਾਜ਼ੁਕ ਸਥਿਤੀ ਨੂੰ ਉਜਾਗਰ ਕੀਤਾ ਹੈ। ਸਤਲੁਜ ਦਰਿਆ ਦੇ ਨਾਲ-ਨਾਲ ਸਥਿਤੀ ਖਾਸ ਤੌਰ 'ਤੇ ਚਿੰਤਾਜਨਕ ਹੈ, ਜਿੱਥੇ ਬੰਨ੍ਹ ਟੁੱਟਣਾ ਅਤੇ ਕਮਜ਼ੋਰ ਬੰਨ੍ਹ ਹੋਣ ਦਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਇਹ ਅਸਫ਼ਲਤਾਵਾਂ ਸਿਰਫ਼ ਕੁਦਰਤੀ ਕਰੋਪੀ ਦਾ ਨਤੀਜਾ ਨਹੀਂ ਹਨ, ਸਗੋਂ ਮੁੱਖ ਤੌਰ 'ਤੇ ਵਿਆਪਕ ਗੈਰ-ਕਾਨੂੰਨੀ ਰੇਤ ਮਾਈਨਿੰਗ ਕਾਰਨ ਹੈ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਬੇਨਤੀ ਕੀਤੀ ਹੈ ਕਿ ਪੂਰੇ ਖੇਤਰ ਵਿੱਚ ਬੰਨ੍ਹਾਂ ਅਤੇ ਨਹਿਰੀ ਪ੍ਰਣਾਲੀਆਂ ਦਾ ਪਾਰਦਰਸ਼ੀ, ਜ਼ਮੀਨੀ-ਆਧਾਰਿਤ ਮੁਲਾਂਕਣ ਕਰਨ ਲਈ ਤੁਰੰਤ ਇੱਕ ਸੁਤੰਤਰ, ਉੱਚ-ਪੱਧਰੀ ਤਕਨੀਕੀ ਟੀਮ ਤਾਇਨਾਤ ਕੀਤੀ ਜਾਵੇ ਅਤੇ ਖਾਸ ਕਰਕੇ ਦਰਿਆਵਾਂ ਅਤੇ ਨਹਿਰਾਂ ਦੇ ਨੇੜੇ ਦੇ ਖੇਤਰਾਂ ਵਿੱਚ ਗੈਰ-ਕਾਨੂੰਨੀ ਮਾਈਨਿੰਗ 'ਤੇ ਸਖ਼ਤ ਅਤੇ ਨਿਰੰਤਰ ਕਾਰਵਾਈ ਸ਼ੁਰੂ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਹੜ੍ਹਾਂ ਕਾਰਨ ਪੰਜਾਬ ਪਹਿਲਾਂ ਹੀ ਜਾਨ-ਮਾਲ , ਰੋਜ਼ੀ-ਰੋਟੀ ਅਤੇ ਖੇਤੀਬਾੜੀ ਉਤਪਾਦਕਤਾ ਦਾ ਭਾਰੀ ਨੁਕਸਾਨ ਝੱਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਰਾਜਨੀਤੀ ਦਾ ਮਾਮਲਾ ਨਹੀਂ ਹੈ ਬਲਕਿ ਜਨਤਕ ਸੁਰੱਖਿਆ ਅਤੇ ਵਾਤਾਵਰਨ ਜ਼ਿੰਮੇਵਾਰੀ ਅਤੇ ਪ੍ਰਸ਼ਾਸਨਿਕ ਜਵਾਬਦੇਹੀ ਦਾ ਮਾਮਲਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਹੈ ਕਿ ਸਰਕਾਰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਵੇਗੀ ਅਤੇ ਸਿਰ ਤੇ ਮੰਡਰਾ ਰਹੇ ਹੜ੍ਹਾਂ ਦੇ ਖ਼ਤਰੇ ਨੂੰ ਟਾਲਣ ਲਈ ਆਪਣੀ ਜ਼ਿੰਮੇਵਾਰੀ ਸਮਝੇਗੀ।

Oplus_16908288

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਿਤਪਾਲ ਸਿੰਘ ਬਲੀਏਵਾਲ। -ਫੋਟੋ: ਇੰਦਰਜੀਤ ਵਰਮਾ

 

Advertisement