ਡਲਵੀ ਵੱਲੋਂ ਕਾਂਗਰਸ ਦਾ ਜਥੇਬੰਦਕ ਢਾਂਚਾ ਮਜ਼ਬੂਤ ਕਰਨ ’ਤੇ ਜ਼ੋਰ
‘ਸੰਗਠਨ ਸਿਰਜਣ ਸੰਮੇਲਨ’ ਤਹਿਤ ਕਾਂਗਰਸ ਪਾਰਟੀ ਦੇ ਅੱਜ ਇਥੇ ਹੋਏ ਪ੍ਰੋਗਰਾਮ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਵਿੰਦਰ ਡਲਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਪਾਰਟੀ ਵਰਕਰਾਂ ਨੂੰ ਏਕੇ ਦਾ ਪਾਠ ਪੜ੍ਹਾਉਂਦਿਆਂ ਆਖਿਆ ਕਿ ਇਕ ਵਾਰ ਹੇਠੋਂ ਲੈ ਕੇ ਉੱਪਰ ਤੱਕ ਜਥੇਬੰਦਕ ਢਾਂਚਾ ਮਜਬੂਤ ਕਰ ਲਉ ਤਾਂ ਸਰਕਾਰ ਆਪਣੇ ਆਪ ਬਣ ਜਾਵੇਗੀ। ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਵੱਲੋਂ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਤੇ ਸਾਬਕਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਦੀ ਅਗਵਾਈ ਹੇਠ ਰੱਖੇ ਪ੍ਰੋਗਰਾਮ ਵਿੱਚ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਡਲਵੀ ਨੂੰ ਜੀ ਆਇਆਂ ਕਿਹਾ। ਰਵਿੰਦਰ ਡਲਵੀ ਨੇ ਕਿਹਾ ਕਿ ਪੰਜਾਬੀਆਂ ਨਾਲ ਪਿਛਲੀਆਂ ਚੋਣਾਂ ਵਿੱਚ ਜੋ ਧੋਖਾ ਹੋਇਆ ਉਸ ਕਰਕੇ ਪੰਜਾਬੀ ਅੱਜ ਵੀ ਪਛਤਾ ਰਹੇ ਹਨ।
ਸੂਬੇ ਦੇ ਸੂਝਵਾਨ ਲੋਕ ਪਿਛਲੀ ਵਾਰ ਹੋਈ ਗਲਤੀ ਨੂੰ ਸੁਧਾਰਨਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਕਾਂਗਰਸ ਹੀ ਸੂਬੇ ਨੂੰ ਤਰੱਕੀ ਦੇ ਰਾਹ ਪਾ ਸਕਦੀ ਹੈ ਅਤੇ ਵਿਗੜੀ ਹੋਈ ਅਮਨ ਕਾਨੂੰਨ ਦੀ ਸਥਿਤ ਵੀ ਸੁਧਾਰ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕ ਤਿਆਰ ਹਨ ਪਰ ਜ਼ਿੰਮੇਵਾਰੀ ਪਾਰਟੀ ਅਹੁਦੇਦਾਰਾਂ ਦੀ ਬਣਦੀ ਹੈ। ਪਾਰਟੀ ਅੰਦਰ ਜਿਹੜੇ ਵੀ ਅਹੁਦੇ 'ਤੇ ਕੰਮ ਕਰਨ ਦਾ ਮੌਕੇ ਮਿਲੇ ਉਹ ਬਾਖੂਬੀ ਕਰਨਾ ਚਾਹੀਦਾ ਹੈ ਕਿਉਂਕਿ ਪਾਰਟੀਆਂ ਅੰਦਰ ਕੰਮ ਦਾ ਹੀ ਮੁੱਲ ਪੈਂਦਾ ਹੈ। ਸਹੀ ਕੰਮ ਕਰਨ ਵਾਲੇ ਨੂੰ ਇਕ ਨਾ ਇਕ ਦਿਨ ਪਾਰਟੀ ਵੱਡੀ ਜ਼ਿੰਮੇਵਾਰੀ ਦਿੰਦੀ ਹੀ ਹੈ। 'ਵੋਟ ਚੋਰੀ' ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਜਿਹੜੀ ਅਲਖ ਜਗਾ ਦਿੱਤੀ ਹੈ ਹੁਣ ਉਹ ਅਸਰ ਦਿਖਾ ਕੇ ਹਟੇਗੀ। ਜੋ ਲੁੱਟ ਮਹਾਰਾਸ਼ਟਰ, ਹਰਿਆਣਾ ਤੇ ਕਰਨਾਟਕ ਚੋਣਾਂ ਤੋਂ ਇਲਾਵਾ ਲੋਕ ਸਭਾ ਚੋਣਾਂ ਵਿੱਚ ਮੱਚੀ ਸੀ ਉਹ ਬਿਹਾਰ ਵਿੱਚ ਨਹੀਂ ਹੋ ਦਿੱਤੀ ਜਾਵੇਗੀ। ਉਨ੍ਹਾਂ ਕਾਂਗਰਸ ਦੇ ਅਹੁਦੇਦਾਰਾਂ ਨੂੰ ਪਾਰਟੀ ਦਾ ਹਰ ਵਿੰਗ ਮਜਬੂਤ ਤੇ ਸਰਗਰਮ ਕਰਨ ਦੀ ਅਪੀਲ ਕੀਤੀ।
ਇਕੱਤਰਤਾ ਨੂੰ ਸਾਬਕਾ ਵਿਧਾਇਕਾ ਜੱਗਾ ਹਿੱਸੋਵਾਲ, ਮੇਜਰ ਸਿੰਘ ਮੁੱਲਾਂਪੁਰ, ਕਰਨਜੀਤ ਸਿੰਘ ਸੋਨੀ ਗਾਲਿਬ, ਪ੍ਰਸ਼ੋਤਮ ਲਾਲ ਖਲੀਫਾ, ਬਲਾਕ ਪ੍ਰਧਾਨ ਨਵਦੀਪ ਗਰੇਵਾਲ, ਸ਼ਹਿਰੀ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ, ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ, ਗੋਪਾਲ ਸ਼ਰਮਾ, ਰਜੇਸ਼ਇੰਦਰ ਸਿੰਘ ਸਿੱਧੂ ਆਦਿ ਨੇ ਸੰਬੋਧਨ ਕੀਤਾ। ਇਸ ਸਮੇਂ ਮਨਜਿੰਦਰ ਸਿੰਘ ਡੱਲਾ, ਗੁਰਮੀਤ ਸਿੰਘ ਗੀਤਾ ਗਰੇਵਾਲ, ਜਗਤਾਰ ਦਿਓਲ, ਕੁਲਦੀਪ ਸਿੰਘ ਬੋਦਲਵਾਲਾ, ਸੁਖਵਿੰਦਰ ਸਿੰਘ ਗਗੜਾ, ਕੌਂਸਲਰ ਜਰਨੈਲ ਸਿੰਘ ਲੋਹਟ, ਰਾਜੂ ਠੁਕਰਾਲ, ਅਮਨ ਕਪੂਰ ਬੌਬੀ, ਰੌਕੀ ਗੋਇਲ, ਨੀਟਾ ਸਭਰਵਾਲ, ਸਤਿੰਦਰਜੀਤ ਤਤਲਾ, ਸੰਨੀ ਕੱਕੜ ਆਦਿ ਮੌਜੂਦ ਸਨ। ਮੀਟਿੰਗ ਦੌਰਾਨ ਅਗਲੇ ਦਿਨਾਂ ਵਿੱਚ ਹੋਣ ਜਾ ਰਹੀਆਂ ਚੋਣਾਂ ਦੀ ਤਿਆਰੀ ਬਾਰੇ ਵੀ ਚਰਚਾ ਕੀਤੀ ਗਈ।