ਵਿਸ਼ਵ ਹਾਰਟ ਦਿਵਸ ਮੌਕੇ ਸਾਈਕਲੋਥੌਨ
ਵਿਸ਼ਵ ਹਾਰਟ ਦਿਵਸ ਮੌਕੇ ਫੋਰਟਿਸ ਹਸਪਤਾਲ ਵੱਲੋਂ ਪੈਡਲਰਜ਼ ਅਤੇ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਤੀਜਾ ਸਾਈਕਲੋਥਾਨ ਕਰਵਾਇਆ ਗਿਆ। ਲੋਕਾਂ ਨੂੰ ਦਿਲ ਦੀਆਂ ਬਿਮਾਰਬੀਆਂ ਤੋਂ ਬਚਾਅ ਕਰਨ ਦਾ ਸੁਨੇਹਾ ਦੇਣ ਦੇ ਮਕਸਦ ਨਾਲ ਕਰਵਾਈ ਇਸ ਸਾਈਕਲੋਥਾਨ ਵਿੱਚ ਸ਼ਹਿਰ ਦੇ 1200 ਤੋਂ ਵੱਧ ਸਾਈਕਲ ਪ੍ਰੇਮੀਆਂ ਨੇ ਹਿੱਸਾ ਲਿਆ। ਇਸ ਮੌਕੇ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਫੋਰਟਿਸ ਹਸਪਤਾਲ ਚੰਡੀਗੜ੍ਹ ਰੋਡ ਦੇ ਫੈਸਿਲਟੀ ਡਾਇਰੈਕਟਰ ਸੁਨਵੀਰ ਸਿੰਘ ਭੰਬਰਾ, ਫੋਰਟਿਸ ਹਸਪਤਾਲ ਮਾਲ ਰੋਡ ਦੇ ਫੈਸਿਲਟੀ ਡਾਇਰੈਕਟਰ ਗੁਰਦਰਸ਼ਨ ਸਿੰਘ ਮਾਂਗਟ, ਡਾ. ਪਰਮਦੀਪ ਸਿੰਘ ਸੰਧੂ, ਡਾ. ਸੰਦੀਪ ਚੋਪੜਾ, ਡਾ. ਨਿਖਿਲ ਬਾਂਸਲ, ਡਾ. ਮਨਿੰਦਰ ਸਿੰਗਲਾ ਅਤੇ ਡਾ. ਮਨਵ ਵਾਧੇਰਾ ਵੀ ਹਾਜ਼ਰ ਸਨ।
ਸਨਵੀਰ ਭੰਬਰਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਾਈਕਲੋਥਾਨ ਕਰਵਾਉਣ ਦਾ ਮਕਸਦ ਲੋਕਾਂ ਨੂੰ ਕਸਰਤ ਵੱਲ ਜਾਗਰੂਕ ਕਰਕੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਕਰਨ ਦਾ ਸੁਨੇਹਾ ਦੇਣਾ ਹੈ। ਉਹਨਾਂ ਕਿਹਾ ਕਿ ਬਚਾਅ, ਇਲਾਜ ਨਾਲੋਂ ਵਧੀਆ ਹੁੰਦਾ ਹੈ। ਗੁਰਦਰਸ਼ਨ ਸਿੰਘ ਮਾਂਗਟ ਨੇ ਕਿਹਾ ਕਿ ਇਹ ਸਿਰਫ ਇੱਕ ਪ੍ਰੋਗਰਾਮ ਨਹੀਂ ਸਗੋਂ ਸਾਂਝੀ ਸੋਚ ਅਤੇ ਸਿਹਤਮੰਦ ਜੀਵਨ ਵੱਲ ਇਕੱਠੇ ਕਦਮ ਚੁੱਕਣ ਦੀ ਸ਼ੁਰੂਆਤ ਹੈ। ਮੁੱਖ ਮਹਿਮਾਨ ਸ਼੍ਰੀ ਸੇਖੋਂ ਨੇ ਕਿਹਾ ਕਿ ਬਦਲ ਰਹੇ ਲਾਈਫਸਟਾਈਲ ਨਾਲ ਬਿਮਾਰੀਆਂ ਲਗਾਤਾਰ ਵਧ ਰਹੀਆਂ ਹਨ ਅਤੇ ਇੰਨਾਂ ਵਿੱਚੋਂ ਇੱਕ ਦਿਲ ਦੀ ਬਿਮਾਰੀ ਦਾ ਵਧਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਪ੍ਰੋਗਰਾਮ ਵਿੱਚ ਲੋਕਾਂ ਦੀ ਵੱਡੀ ਭਾਗੀਦਾਰੀ ਇਹ ਦਰਸਾਉਂਦੀ ਹੈ ਕਿ ਲੋਕ ਆਪਣੀ ਸਿਹਤ ਪ੍ਰਤੀ ਜਾਗਰੂਕ ਹੋ ਰਹੇ ਹਨ।