ਸਕੂਲ ਦੇ ਸਾਲਾਨਾ ਸਮਾਗਮ ਵਿੱਚ ਸਭਿਆਚਾਰਕ ਵਨਗੀਆਂ ਪੇਸ਼
ਇਥੇ ਕੋਠੇ ਬੱਗੂ ਸਥਿਤ ਸੀਨੀਅਰ ਸੈਕੰਡਰੀ ਸਕੂਲ ਜੀ ਐੱਚ ਜੀ ਅਕੈਡਮੀ ਦਾ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਸਾਲ ਦਾ ਜਸ਼ਨ ‘ਟਸ਼ਨ ਨਾਲ ਪਰੰਪਰਾ’ ਦੇ ਵਿਲੱਖਣ ਥੀਮ ’ਤੇ ਆਧਾਰਤ ਸੀ। ਇਸ ਵਿੱਚ ਸਭਿਆਚਾਰਕ ਵਿਰਾਸਤ ਦੀਆਂ ਕਈ ਵੰਨਗੀਆਂ ਦੀ ਪੇਸ਼ਕਾਰੀ ਦੇਖਣ ਨੂੰ ਮਿਲੀ, ਜਿਸ ਵਿੱਚ ਆਧੁਨਿਕ ਪ੍ਰਗਟਾਵੇ ਨੂੰ ਸੋਹਣੇ ਢੰਗ ਨਾਲ ਮਿਲਾਇਆ ਹੋਇਆ ਸੀ। ਸਮਾਗਮ ਵਿੱਚ ਸਕੂਲ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਤੇ ਡਾਇਰੈਕਟਰ ਬਲਜੀਤ ਸਿੰਘ ਮੱਲ੍ਹੀ ਨੇ ਸ਼ਿਰਕਤ ਕੀਤੀ ਅਤੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਦੀ ਅਗਵਾਈ ਹੇਠ ਇਹ ਸਮਾਗਮ ਅਮਿੱਟ ਯਾਦਾਂ ਛੱਡ ਗਿਆ। ਸਾਲਾਨਾ ਸਮਾਗਮ ਸ਼ਬਦ ਕੀਰਤਨ, ਰਵਾਇਤੀ ਦੀਵੇ ਜਗਾਉਣ ਦੀ ਰਸਮ ਅਤੇ ਪ੍ਰਾਰਥਨਾ ਨਾਲ ਸ਼ੁਰੂ ਹੋਇਆ। ਉਪਰੰਤ ਵਿਦਿਆਰਥੀਆਂ ਨੇ ਕੇਂਦਰੀ ਥੀਮ ਦੇ ਆਲੇ-ਦੁਆਲੇ ਬੁਣੇ ਗਏ ਸਭਿਆਚਾਰਕ ਪ੍ਰਦਰਸ਼ਨਾਂ ਦੀ ਇਕ ਲੜੀ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ। ਮੰਚ ਨਾਚ, ਨਾਟਕ, ਸਕੇਟਿੰਗ, ਕਰਾਟੇ, ਗਤਕਾ, ਅੰਤਰ-ਵਿਅਕਤੀਗਤ ਸਦਭਾਵਨਾ ’ਤੇ ਐਕਟ, ਤਾਲਬੱਧ ਪ੍ਰਦਰਸ਼ਨ, ਕੋਰੀਓਗ੍ਰਾਫੀ, ਪੁਸ਼ਾਕ ਪ੍ਰਦਰਸ਼ਨ, ਨਾਟਕ, ਭੰਗੜਾ, ਸੰਗੀਤ ਅਤੇ ਦਿਲ ਨੂੰ ਛੂਹ ਲੈਣ ਵਾਲੇ ਕਥਨਾਂ ਨਾਲ ਇਹ ਜੀਵੰਤ ਹੋ ਗਿਆ। ਹਰੇਕ ਹਿੱਸੇ ਨੇ ਰਚਨਾਤਮਕ ਤੌਰ ’ਤੇ ਅੱਜ ਦੇ ਸੰਸਾਰ ਵਿੱਚ ਪ੍ਰਾਚੀਨ ਭਾਰਤੀ ਕਦਰਾਂ-ਕੀਮਤਾਂ ਅਤੇ ਪਰੰਪਰਾਵਾਂ ਦੀ ਮਹੱਤਤਾ ਨੂੰ ਦਰਸਾਇਆ। ਪ੍ਰਿੰਸੀਪਲ ਗਰੇਵਾਲ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਸਕੂਲ ਦੀ ਅਕਾਦਮਿਕ ਪ੍ਰਗਤੀ, ਪ੍ਰਾਪਤੀਆਂ ਅਤੇ ਭਵਿੱਖ ਦੇ ਦ੍ਰਿਸ਼ਟੀਕੋਣ ਨੂੰ ਦਰਸਾਇਆ ਗਿਆ। ਡਾਇਰੈਕਟਰ ਗੁਰਮੇਲ ਸਿੰਘ ਮੱਲ੍ਹੀ ਨੇ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਹਰ ਵਿਅਕਤੀ ਤੇ ਸਟਾਫ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਕਿਹਾ ਕਿ ਅਕੈਡਮੀ ਸ਼ੁਰੂ ਕਰਨ ਸਮੇਂ ਦੇਖਿਆ ਸੁਪਨਾ ਸਖ਼ਤ ਮਿਹਨਤ ਨਾਲ ਪੂਰਾ ਹੋਇਆ ਅਤੇ ਅਕੈਡਮੀ ਅੱਜ ਬੱਚਿਆਂ ਨੂੰ ਬਿਹਤਰ ਸਿੱਖਿਆ ਦੇ ਨਾਲ ਧਾਰਮਿਕ ਸਿੱਖਿਆ ਵੀ ਪ੍ਰਦਾਨ ਕਰ ਰਹੀ ਹੈ।
