ਯੂਥ ਫੈਸਟੀਵਲ ’ਚ ਸੱਭਿਆਚਾਰਕ ਗਤੀਵਿਧੀਆਂ ਨੇ ਰੰਗ ਬੰਨ੍ਹਿਆ
ਇਥੋਂ ਦੇ ਏ ਐੱਸ ਕਾਲਜ ਵਿੱਚ 66ਵੇਂ ਪੰਜਾਬ ਯੂਨੀਵਰਸਿਟੀ ਇੰਟਰ ਜ਼ੋਨਲ ਯੂਥ ਫੈਸਟੀਵਲ ਦਾ ਤੀਜਾ ਦਿਨ ਸੱਭਿਆਚਾਰਕ ਗਤੀਵਿਧੀਆਂ ਦੇ ਨਾਂਅ ਰਿਹਾ। ਇਸ ਦੌਰਾਨ ਸਵੇਰ ਦੇ ਸ਼ੈਸ਼ਨ ਵਿਚ ਪਠਾਨਕੋਟ ਤੋਂ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਜਦੋਂ ਕਿ ਸ਼ਾਮ ਸ਼ੈਸ਼ਨ ਮੌਕੇ ਸਾਬਕਾ ਸੰਸਦ ਸਮਸ਼ੇਰ ਸਿੰਘ ਦੂਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਗੁਰਦਿਆਲ ਦਿਆਲੀ ਪ੍ਰਧਾਨ ਰਾਈਸ ਮਿਲਰ ਐਸੋਸੀਏਸ਼ਨ, ਸੁਰਿੰਦਰ ਵਰਮਾ, ਬਿਕਰਮਜੀਤ ਸਿੰਘ ਚੀਮਾ ਮੀਤ ਪ੍ਰਧਾਨ ਭਾਜਪਾ ਪੰਜਾਬ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਕਾਲਜ ਪ੍ਰਿੰਸੀਪਲ ਡਾ. ਕੇ ਕੇ ਸ਼ਰਮਾ ਨੇ ਆਏ ਮਹਿਮਾਨਾਂ ਦਾ ਭਰਵਾਂ ਸਵਾਗਤ ਕਰਦਿਆਂ ਕਾਲਜ ਦੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਹਾਸਰਸ ਕਲਾਕਾਰ ਚੰਦਰ ਪ੍ਰਭਾਕਰ ਨੇ ਵਿਦਿਆਰਥੀਆਂ ਨੂੰ ਹਸਾਉਂਦਿਆਂ ਵੱਖ ਵੱਖ ਵਿਸ਼ਿਆਂ ਸਬੰਧੀ ਵਿਚਾਰ ਪੇਸ਼ ਕੀਤੇ। ਯੁਵਕ ਮੇਲੇ ਦੌਰਾਨ ਇਕ ਨਾਟਕ ਤੇ ਇਤਿਹਾਸ ਦੇ ਪ੍ਰਦਰਸ਼ਨ ਦੌਰਾਨ ਕਵੀਸ਼ਰੀ, ਯੁੱਧ ਗਾਇਨ, ਕਾਲੀ ਗਾਇਨ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਹੋਏ ਸਿਤਾਰ ਮੰਚ ਵਿਚ ਕੁਇੱਜ਼, ਕੋਲਾਜ ਮੇਕਿੰਗ, ਕਾਰਟੂਨਿੰਗ, ਪੋਸਟਰ ਮੇਕਿੰਗ, ਪੇਂਟਿੰਗ, ਸਟਿਲ ਲਾਈਫ਼ ਡਰਾਇੰਗ, ਇੰਸਟਾਲੇਸ਼ਨ, ਫੋਟੋਗ੍ਰਾਫ਼ੀ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਰਾਮਗੜ੍ਹੀਆ ਕਾਲਜ ਲੁਧਿਆਣਾ ਨੇ ਸਮੂਹ ਸ਼ਬਦ ਗਾਇਨ ਵਿੱਚ ਪਹਿਲਾ, ਮਾਲਵਾ ਕਾਲਜ ਲੁਧਿਆਣਾ ਨੇ ਦੂਜਾ ਅਤੇ ਮੁਕਤਸਰ ਕਾਲਜ ਨੇ ਤੀਜਾ, ਸਮੂਹ ਭਜਨ ਗਾਇਨ ਵਿੱਚ ਗੁਰੂ ਨਾਨਕ ਕਾਲਜ ਦੋਰਾਹਾ ਨੇ ਪਹਿਲਾ, ਡੀ ਏ ਵੀ ਕਾਲਜ ਚੰਡੀਗੜ੍ਹ ਨੇ ਦੂਜਾ ਅਤੇ ਜੀ ਜੀ ਐੱਸ ਜਲਾਲਾਬਾਦ ਨੇ ਤੀਜਾ, ਮੁਹਾਵਰੇਦਾਰ ਗੱਲਬਾਤ ਵਿੱਚ ਪੀ ਯੂ ਕੈਂਪਸ ਚੰਡੀਗੜ੍ਹ ਨੇ ਪਹਿਲਾ, ਆਰੀਆ ਕਾਲਜ ਲੁਧਿਆਣਾ ਨੇ ਦੂਜਾ ਅਤੇ ਖਾਲਸਾ ਕਾਲਜ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ। ਅੰਤ ਵਿਚ ਮੁੱਖ ਮਹਿਮਾਨ ਸ੍ਰੀ ਦੂਲੋਂ ਨੇ ਵੱਖ ਵੱਖ ਗਤੀਵਿਧੀਆਂ ਵਿੱਚ ਸ਼ਾਮਲ ਵਿਦਿਆਰਥੀਆਂ ਵੱਲੋਂ ਕੀਤੀ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਭਵਿੱਖ ਵਿਚ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
