ਕੌਂਸਲਰ ਤੇ ‘ਆਪ’ ਦਾ ਵਾਰਡ ਇੰਚਾਰਜ ਆਹਮੋ-ਸਾਹਮਣੇ
ਇੱਥੇ ਵਾਰਡ ਨੰਬਰ 73 ਤੋਂ ਭਾਜਪਾ ਦੀ ਮਹਿਲਾ ਕੌਂਸਲਰ ਰੁਚੀ ਗੁਲਾਟੀ ਅਤੇ ਆਮ ਆਦਮੀ ਪਾਰਟੀ ਦੇ ਵਾਰਡ ਇੰਚਾਰਜ ਸੜਕ ’ਤੇ ਪੈਚਵਰਕ ਕਰਵਾਉਣ ਦੇ ਮਾਮਲੇ ਵਿੱਚ ਆਹਮੋ-ਸਾਹਮਣੇ ਆ ਗਏ। ਬੀਤੇ ਦਿਨ ਦੋਵਾਂ ਵਿਚਾਲੇ ਹੋਈ ਬਹਿਸ ਤੋਂ ਬਾਅਦ ਹੁਣ ਭਾਜਪਾ ਕੌਂਸਲਰ ਰੁਚੀ ਗੁਲਾਟੀ ਨੇ ‘ਆਪ’ ਦੇ ਵਾਰਡ ਇੰਚਾਰਜ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ।
ਕੌਂਸਲਰ ਨੇ ਸ਼ਿਕਾਇਤ ਵਿੱਚ ਕਿਹਾ ਕਿ ਸੋਮਵਾਰ ਨੂੰ ਉਹ ਭਾਰਤ ਨਗਰ ਚੌਕ ਸਥਿਤ ਗੁਲਮੋਹਰ ਹੋਟਲ ਨੇੜੇ ਸੜਕ ਦੀ ਮੁਰੰਮਤ ਕਰਵਾ ਰਹੀ ਸੀ। ਇਸ ਦੌਰਾਨ ‘ਆਪ’ ਦਾ ਵਾਰਡ ਇੰਚਾਰਜ ਤ੍ਰਿਸ਼ੂਲ ਆਪਣੇ ਪਿਤਾ ਤੇ ਹੋਰਨਾਂ ਨਾਲ ਮੌਕੇ ’ਤੇ ਪੁੱਜਿਆ ਤੇ ਉਸ ਨਾਲ ਦੁਰਵਿਹਾਰ ਕੀਤਾ ਗਿਆ। ਕੌਂਸਲਰ ਨੇ ਦੋਸ਼ ਲਗਾਏ ਕਿ ਇੰਨਾ ਹੀ ਨਹੀਂ ਉਸ ਨੇ ਮਜ਼ਦੂਰਾਂ ਨੂੰ ਡਰਾ ਧਮਕਾ ਕੇ ਕੰਮ ਵੀ ਰੁਕਵਾ ਦਿੱਤਾ। ਉਸ ਨੇ ਦੋਸ਼ ਲਗਾਏ ਕਿ ‘ਆਪ’ ਆਗੂ ਨੇ ਰਿਵਾਲਵਰ ਲਗਾਈ ਹੋਈ ਸੀ ਅਤੇ ਵਾਰ-ਵਾਰ ਹਥਿਆਰ ਵੱਲ ਇਸ਼ਾਰਾ ਕਰ ਰਿਹਾ ਸੀ। ਕੌਂਸਲਰ ਨੇ ਦੋਸ਼ ਲਗਾਏ ਕਿ ‘ਆਪ’ ਆਗੂ ਦੇ ਮਾਤਾ ਨੇ ਉਨ੍ਹਾਂ ਦੇ ਖ਼ਿਲਾਫ਼ ਚੋਣ ਲੜੀ ਸੀ, ਉਸੇ ਸਮੇਂ ਤੋਂ ਉਨ੍ਹਾਂ ਦਾ ਵਾਰਡ ਵਿੱਚ ਕੋਈ ਨਾ ਕੋਈ ਵਿਵਾਦ ਚੱਲਦਾ ਹੀ ਆ ਰਿਹਾ ਹੈ। ਇਸ ਸਬੰਧੀ ਬੀਤੇ ਦਿਨ ਉਨ੍ਹਾਂ ਨੇ ਨਿਗਮ ਕਮਿਸ਼ਨਰ ਦੇ ਘਰ ਬਾਹਰ ਧਰਨਾ ਵੀ ਦਿੱਤਾ ਸੀ ਜਿਥੇ ਮੇਅਰ ਇੰਦਰਜੀਤ ਕੌਰ ਨੇ ਇਹ ਕਹਿ ਕੇ ਭਰੋਸਾ ਦਿੱਤਾ ਸੀ ਕਿ ਉਹ ਬੁੱਧਵਾਰ ਉਨ੍ਹਾਂ ਦੀ ਗੱਲ ਸੁਣਨਗੇ।
ਕੌਂਸਲਰ ਰੁਚੀ ਗੁਲਾਟੀ ਦਾ ਕਹਿਣਾ ਹੈ ਕਿ ਵਾਰਡ ਇੰਚਾਰਜ ਨਾਲ ਕਈ ਵਾਰ ਵਿਵਾਦ ਹੋ ਚੁੱਕੇ ਹਨ। ਇਸ ਵਾਰ ਉਨ੍ਹਾਂ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ ਪਰ ਸੱਤਾਧਾਰੀ ਦਬਾਅ ਹੋਣ ਕਾਰਨ ਉਨ੍ਹਾਂ ਦੀ ਸ਼ਿਕਾਇਤ ’ਤੇ ਸੁਣਵਾਈ ਨਹੀਂ ਹੁੰਦੀ। ਉਨ੍ਹਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਜੇਕਰ ਇਸ ਵਾਰ ਕਾਰਵਾਈ ਨਾ ਹੋਈ ਤਾਂ ਉਹ ਸੜਕਾਂ ’ਤੇ ਉਤਰਣਗੇ ਤੇ ਸੱਤਾਧਾਰੀਆਂ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ।
ਕੌਂਸਲਰ ਨਾਲ ਕੋਈ ਵਿਵਾਦ ਨਹੀਂ: ਤ੍ਰਿਸ਼ੂਲ
‘ਆਪ’ ਆਗੂ ਤ੍ਰਿਸ਼ੂਲ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੌਂਸਲਰ ਦੇ ਨਾਲ ਕੋਈ ਵਿਵਾਦ ਨਹੀਂ ਹੋਇਆ ਹੈ। ਇਲਾਕਾ ਵਾਸੀਆਂ ਨੇ ਸੜਕ ’ਤੇ ਪੈਚਵਰਕ ਕਰਵਾਉਣ ਲਈ ਕਿਹਾ ਸੀ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਉਨ੍ਹਾਂ ਨੇ ਵਿਧਾਇਕ ਨੂੰ ਕਹਿ ਕੇ ਖੁਦ ਪੈਚਵਰਕ ਕਰਵਾਏ ਜਿਸ ’ਤੇ ਕੌਂਸਲਰ ਨੇ ਆ ਕੇ ਆਪਣਾ ਹੱਕ ਜਤਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਬਹਿਸ ਜ਼ਰੂਰ ਹੋਈ ਸੀ ਪਰ ਇੰਨਾ ਵੱਡਾ ਵਿਵਾਦ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਲਾਈਵ ਵੀਡੀਓ ਕੌਂਸਲਰ ਨੇ ਬਣਾਈ ਸੀ, ਉਸ ਵਿੱਚ ਦੇਖ ਸਕਦੇ ਹੋਏ ਕਿ ਕੋਈ ਹਥਿਆਰ ਦਿਖਾਇਆ। ਉਸ ਵਿੱਚ ਸਭ ਕੁਝ ਸਾਫ ਦਿੱਖ ਰਿਹਾ ਹੈ।
