ਨਿਗਮ ਵੱਲੋਂ 20 ਡੇਅਰੀ ਮਾਲਕਾਂ ਵਿਰੁੱਧ ਕੇਸ ਦਰਜ ਕਰਨ ਦੀ ਸਿਫ਼ਾਰਸ਼
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਜੂਨ
ਨਗਰ ਨਿਗਮ ਨੇ ਤਾਜਪੁਰ ਰੋਡ ਡੇਅਰੀ ਕੰਪਲੈਕਸ ਵਿੱਚੋਂ ਬੁੱਢੇ ਦਰਿਆ ਵਿੱਚ ਡੇਅਰੀ ਰਹਿੰਦ-ਖੂੰਹਦ ਨੂੰ ਗੈਰ-ਕਾਨੂੰਨੀ ਢੰਗ ਨਾਲ ਡੰਪ ਕਰਨ ਵਾਲੇ 20 ਡੇਅਰੀ ਮਾਲਕਾਂ ਵਿਰੁੱਧ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਅਤੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਦੇ ਨਿਰਦੇਸ਼ਾਂ ’ਤੇ ਕੰਮ ਕਰਦੇ ਹੋਏ ਕੇਸ ਦਰਜ ਕਰਨ ਦੀਆਂ ਸਿਫ਼ਾਰਸ਼ ਥਾਣਾ ਡਿਵੀਜ਼ਨ ਨੰਬਰ 7 ਪੁਲੀਸ ਸਟੇਸ਼ਨ ਤੇ ਟਿੱਬਾ ਪੁਲੀਸ ਸਟੇਸ਼ਨ ਨੂੰ ਭੇਜ ਦਿੱਤੀ ਹੈ। ਨਗਰ ਨਿਗਮ ਨੇ ਭਾਰਤੀ ਨਿਆ ਸੰਹਿਤਾ (ਬੀਐੱਨਐਸ) ਐਕਟ ਅਤੇ ਉੱਤਰੀ ਭਾਰਤ ਨਹਿਰ ਅਤੇ ਡਰੇਨੇਜ਼ ਐਕਟ, 1873 ਦੇ ਤਹਿਤ ਕੇਸ ਦਰਜ ਕਰਨ ਦੀ ਸ਼ਿਫਰਾਸ਼ ਕੀਤੀ ਹੈ।ਪੁਲੀਸ ਵਿਭਾਗ ਨੂੰ ਭੇਜੀਆਂ ਗਈਆਂ ਸਿਫ਼ਾਰਸ਼ਾਂ ਵਿੱਚ ਕਿਹਾ ਗਿਆ ਹੈ ਕਿ ਪਹਿਲਾਂ ਵੀ ਡੇਅਰੀ ਮਾਲਕਾਂ ਨੂੰ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਸਨ ਅਤੇ ਨਗਰ ਨਿਗਮ ਨੇ ਉਨ੍ਹਾਂ ਦੇ ਸੀਵਰ ਕਨੈਕਸ਼ਨ ਵੀ ਕੱਟ ਦਿੱਤੇ ਸਨ। ਪਰ ਉਨ੍ਹਾਂ ਨੇ ਸੀਵਰ ਕਨੈਕਸ਼ਨ ਨਾਜਾਇਜ਼ ਢੰਗ ਨਾਲ ਜੋੜ ਲਏ ਸਨ। ਉਹ ਡੇਅਰੀ ਰਹਿੰਦ-ਖੂੰਹਦ ਨਾਜਾਇਜ਼ ਢੰਘ ਨਾਲ ਦਰਿਆ ਵਿੱਚ ਸੁੱਟ ਰਹੇ ਹਨ, ਇਹ ਬੁੱਢੇ ਦਰਿਆ ਅਤੇ ਬਾਅਦ ਵਿੱਚ ਸਤਲੁਜ ਦਰਿਆ ਵਿੱਚ ਪ੍ਰਦੂਸ਼ਣ ਨੂੰ ਵਧਾ ਰਿਹਾ ਹੈ, ਜੋ ਕਿ ਰਾਜ ਦੇ ਮਾਲਵਾ ਇਲਾਕੇ ਅਤੇ ਰਾਜਸਥਾਨ ਵਿੱਚ ਬਹੁਤ ਸਾਰੇ ਲੋਕਾਂ ਲਈ ਪੀਣ ਵਾਲੇ ਪਾਣੀ ਦਾ ਸਰੋਤ ਹੈ।
ਹਾਲ ਹੀ ਵਿੱਚ ਕਾਰਜਕਾਰੀ ਇੰਜੀਨੀਅਰ ਪਰਸ਼ੋਤਮ ਸਿੰਘ ਅਤੇ ਐੱਸਡੀਓ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਨਗਰ ਨਿਗਮ ਦੀਆਂ ਟੀਮਾਂ ਨੇ ਇਲਾਕੇ ਵਿੱਚ ਇੱਕ ਸਰਵੇਖਣ ਕੀਤਾ। 20 ਡੇਅਰੀਆਂ ਦੇ ਮਾਲਕਾਂ ਨੂੰ ਬੁੱਢੇ ਦਰਿਆ ਵਿੱਚ ਡੇਅਰੀ ਰਹਿੰਦ-ਖੂੰਹਦ ਸੁੱਟਦੇ ਫੜਿਆ ਗਿਆ ਸੀ, ਜਿਸ ਤੋਂ ਬਾਅਦ ਹੁਣ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।
ਨਗਰ ਨਿਗਮ ਦੇ ਅਧਿਕਾਰੀਆਂ ਨੇ ਡੇਅਰੀ ਮਾਲਕਾਂ ਨੂੰ ਸਖ਼ਤ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਬੁੱਢੇ ਦਰਿਆ ਵਿੱਚ ਡੇਅਰੀ ਰਹਿੰਦ-ਖੂੰਹਦ ਸੁੱਟਣਾ ਬੰਦ ਕਰਨ ਦੀ ਅਪੀਲ ਕੀਤੀ