ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ’ਵਰਸਿਟੀ ਬਾਰੇ ਜਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ

ਲੋਕ ਰੋਹ ਅੱਗੇ ਝੁਕੀ ਸਰਕਾਰ ਨੂੰ ਭਵਿੱਖ ਲਈ ਵੀ ਚਿਤਾਵਨੀ ਦਿੱਤੀ
ਜਗਰਾਉਂ ਦੇ ਝਾਂਸੀ ਰਾਣੀ ਚੌਕ ਵਿੱਚ ਮੁਜ਼ਾਹਰਾ ਕਰਦੇ ਹੋਏ ਕਾਰਕੁਨ।
Advertisement
ਇਥੇ ਕਮੇਟੀ ਪਾਰਕ ਵਿੱਚ ਜਨਤਕ ਜਮਹੂਰੀ ਜਥੇਬੰਦੀਆਂ ਦੇ ਕਾਰਕੁਨਾਂ ਨੇ ਇਕੱਠੇ ਹੋ ਕੇ ਪੰਜਾਬ ਯੂਨੀਵਰਸਿਟੀ ਦੇ ਜਮਹੂਰੀ ਢਾਂਚੇ ਨੂੰ ਤਬਾਹ ਕਰਨ ਖ਼ਿਲਾਫ਼ ਰੋਸ ਪ੍ਰਗਟਾਇਆ। ਉਪਰੰਤ ਝਾਂਸੀ ਰਾਣੀ ਚੌਕ ਵਿੱਚ ਇਕੱਤਰ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸੈਨੇਟ ਭੰਗ ਕਰਨ ਸਬੰਧੀ ਜਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ। ਬੁਲਾਰਿਆਂ ਨੇ ਕਿਹਾ ਕਿ ਲੋਕਤੰਤਰੀ ਤਰੀਕੇ ਨਾਲ ਚੱਲਣ ਵਾਲੀ ਇਕਲੌਤੀ ਯੂਨੀਵਰਸਿਟੀ ਨੂੰ ਲੋਕਤੰਤਰ ਰਾਹੀਂ ਚੁਣੇ ਜਾਂਦੇ ਨੁਮਾਇੰਦੇ ਹੀ ਖ਼ਤਮ ਕਰਨ ’ਤੇ ਉਤਾਰੂ ਹਨ। ਉਨ੍ਹਾਂ ਪੰਜਾਬ ਯੂਨੀਵਰਸਿਟੀ ਦੇ ਜਮਹੂਰੀ ਢਾਂਚੇ ਨੂੰ ਤਬਾਹ ਕਰ ਕੇ ਉਸ ਨੂੰ ਕੇਂਦਰ ਸਰਕਾਰ ਦੇ ਕੰਟਰੋਲ ਵਿੱਚ ਲਿਆਉਣ ਦੀ ਕੋਸ਼ਿਸ਼ ਖ਼ਿਲਾਫ਼ ਜ਼ਬਰਦਸਤ ਵਿਰੋਧ ਕੀਤਾ। ਕਾਲਜ ਟੀਚਰਜ਼ ਐਸੋਸੀਏਸ਼ਨ ਦੇ ਆਗੂ ਡਾ. ਵਰੁਣ ਗੋਇਲ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਏਟਕ ਆਗੂ ਗੁਰਦੀਪ ਸਿੰਘ ਮੋਤੀ, ਦਲਜੀਤ ਕੌਰ ਹਠੂਰ, ਨਗਰ ਸੁਧਾਰ ਸਭਾ ਦੇ ਪ੍ਰਧਾਨ ਅਵਤਾਰ ਸਿੰਘ, ਗੁਰਮੇਲ ਸਿੰਘ ਰੂਮੀ ਆਦਿ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਤਹਿਤ ਸਿੱਖਿਆ ਦੇ ਨਿੱਜੀਕਰਨ, ਵਪਾਰੀਕਰਨ, ਕੇਂਦਰੀਕਰਨ ਦੀ ਨੀਤੀ ਤਹਿਤ ਦੇਸ਼ ਭਰ ਦੇ ਵਿਦਿਅਕ ਅਦਾਰਿਆਂ ਦਾ ਜਮਹੂਰੀ ਢਾਂਚਾ ਤਬਾਹ ਕਰ ਕੇ ਭਗਵਾਂਕਰਨ ਕੀਤਾ ਜਾ ਰਿਹਾ ਹੈ। ਸਿੱਖਿਆ ਰਾਜ ਸਰਕਾਰਾਂ ਦਾ ਵਿਸ਼ਾ ਹੈ ਪਰ ਨਵੀਂ ਸਿੱਖਿਆ ਨੀਤੀ 2020 ਤਹਿਤ ਸਿੱਖਿਆ ਦਾ ਹੱਕ ਬਹੁਗਿਣਤੀ ਆਮ ਲੋਕਾਂ ਤੋਂ ਖੋਹਣ ਲਈ ਜੇ ਐੱਨ ਯੂ ਵਾਂਗ ਸਾਰੀਆਂ ਯੂਨੀਵਰਸਿਟੀਆਂ ’ਤੇ ਲੋਕ ਵਿਰੋਧੀ ਫ਼ਰਮਾਨ ਠੋਸੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਨਾਮੱਤੀ ਵਿਰਾਸਤ ’ਤੇ ਡਾਕੇ ਖ਼ਿਲਾਫ਼ ਕਿਸਾਨ ਅੰਦੋਲਨ ਦੀ ਤਰਜ ’ਤੇ ਸੰਘਰਸ਼ ਲੜਿਆ ਜਾਵੇਗਾ। ਇਸ ਮੌਕੇ ਕਮੇਟੀ ਪਾਰਕ ਤੋਂ ਝਾਂਸੀ ਚੌਕ ਤੱਕ ਰੋਸ ਮਾਰਚ ਕੀਤਾ ਗਿਆ। ਰਾਣੀ ਝਾਂਸੀ ਚੌਕ ਵਿੱਚ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਭੰਗ ਕਰਨ ਖ਼ਿਲਾਫ਼ ਨੋਟੀਫਿਕੇਸ਼ਨ ਦੀ ਕਾਪੀ ਪੈਨਸ਼ਨਰ ਸਾਂਝਾ ਫਰੰਟ ਦੇ ਆਗੂ ਜਸਵੰਤ ਸਿੰਘ ਕਲੇਰ ਨੇ ਅੱਗ ਲਗਾ ਕੇ ਸਾੜੀ। ਆਗੂਆਂ ਨੇ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਨੇ ਇਸ ਸਬੰਧੀ ਜਾਰੀ ਨੋਟੀਫਿਕੇਸ਼ਨ ਰੱਦ ਕਰਕੇ ਫ਼ੈਸਲਾ ਵਾਪਸ ਲੈ ਲਿਆ ਹੈ ਪਰ ਭਵਿੱਖ ਵਿੱਚ ਉਹ ਅਜਿਹੇ ਕਿਸੇ ਕਦਮ ਨੂੰ ਸਹਿਣ ਨਹੀਂ ਕਰਨਗੇ। ਅਖ਼ੀਰ ਵਿੱਚ ਆਰ ਐੱਸ ਐੱਸ ਨੂੰ ਆਪਣੇ ਨਾਪਾਕ ਹੱਥ ਦੂਰ ਰੱਖਣ ਦੀ ਤਾੜਨਾ ਕੀਤੀ ਗਈ। ਇਸ ਮੌਕੇ ਬੀ ਕੇ ਯੂ ਡਕੌਂਦਾ ਦੇ ਆਗੂ ਬਲਬੀਰ ਸਿੰਘ ਅਗਵਾੜ ਲੌਪੋ, ਜਗਦੀਸ਼ ਸਿੰਘ ਕਾਉਂਕੇ, ਮਾਸਟਰ ਹਰਭਜਨ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

 

Advertisement

 

 

Advertisement
Show comments