’ਵਰਸਿਟੀ ਖ਼ਿਲਾਫ਼ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ
ਇਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਿੰਡੀਕੇਟ ਤੇ ਸੈਨੇਟ ਨੂੰ ਭੰਗ ਕਰ ਕੇ ਇਸ ਦੀ ਅਕਾਰ ਘਟਾਈ ਲਈ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਦੀਆਂ ਅੱਜ ਅਧਿਆਪਕ ਜਥੇਬੰਦੀਆਂ ਨੇ ਕਾਪੀਆਂ ਸਾੜੀਆਂ। ਇਸ ਮੌਕੇ ਅਧਿਆਪਕ ਆਗੂਆਂ ਨੇ ਕਿਹਾ ਕਿ ਪਹਿਲੇ ਨੋਟੀਫਿਕੇਸ਼ਨ ਨੂੰ ਰੱਦ ਨਹੀਂ ਕੀਤਾ ਗਿਆ ਬਲਕਿ ਦੂਜੇ ਨੋਟੀਫਿਕੇਸ਼ਨ ਨਾਲ ਰੋਕਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਭਵਿੱਖ ਵਿੱਚ ਕੇਂਦਰ ਸਰਕਾਰ ਨੇ ਮੁੜ ਪਹਿਲੀ ਗਲਤੀ ਕੀਤੀ ਤਾਂ ਪੰਜਾਬ ਅੰਦਰ ਵੱਡਾ ਸੰਘਰਸ਼ ਉੱਠੇਗਾ ਜੋ ਭਾਜਪਾ ਤੋਂ ਸੰਭਾਲਿਆ ਨਹੀਂ ਜਾਵੇਗਾ। ਨੋਟੀਫਿਕੇਸ਼ਨ ਦੇ ਵਿਰੋਧ ਤੇ ਕਾਪੀਆਂ ਸਾੜਨ ਦੇ ਜਥੇਬੰਦਕ ਸੱਦੇ ’ਤੇ ਅੱਜ ਬਲਾਕ ਸਿੱਧਵਾਂ ਬੇਟ-2 ਅਧੀਨ ਕੰਮ ਕਰਦੀਆਂ ਅਧਿਆਪਕ ਜਥੇਬੰਦੀਆਂ ਨੇ ਇਹ ਕਾਪੀਆਂ ਸਾੜੀਆਂ। ਇਸ ਮੌਕੇ ਜਥੇਬੰਦਕ ਆਗੂਆਂ ਜਤਿੰਦਰਪਾਲ ਸਿੰਘ ਤਲਵੰਡੀ, ਬਲਵੀਰ ਸਿੰਘ ਬਾਸੀਆਂ, ਜਗਰਾਜ ਸਿੰਘ ਮੁੱਲਾਂਪੁਰ, ਦੇਵਿੰਦਰ ਸਿੰਘ ਮਾਣੀਏਵਾਲ ਨੇ ਦੱਸਿਆ ਕਿ ਸੈਨੇਟ ਖ਼ਤਮ ਕਰਨ ਵਾਲਾ 28 ਅਕਤੂਬਰ ਨੂੰ ਜਾਰੀ ਕੀਤਾ ਨੋਟੀਫਿਕੇਸ਼ਨ ਰੱਦ ਕਰਨ ਬਾਰੇ ਕੇਂਦਰ ਸਰਕਾਰ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਇਸ ਨੋਟੀਫਿਕੇਸ਼ਨ ਅਤੇ ਚਾਰ ਨਵੰਬਰ ਵਾਲੇ ਨੋਟੀਫਿਕੇਸ਼ਨ ਵਿੱਚ ਫਰਕ ਸਿਰਫ਼ ਇੰਨਾ ਹੀ ਹੈ ਕਿ 28 ਅਕਤੂਬਰ ਵਾਲਾ ਨੋਟੀਫਿਕੇਸ਼ਨ ਤੁਰੰਤ ਲਾਗੂ ਹੁੰਦਾ ਸੀ ਤੇ ਚਾਰ ਨਵੰਬਰ ਵਾਲਾ ਨੋਟੀਫਿਕੇਸ਼ਨ ਉਦੋਂ ਲਾਗੂ ਹੋਵੇਗਾ, ਜਿਹੜੀ ਮਿਤੀ ਸਰਕਾਰ ਤੈਅ ਕਰੇਗੀ। ਇਸ ਸਿੱਖਿਆ ਵਿਰੋਧੀ ਨੋਟੀਫਿਕੇਸ਼ਨਾਂ ਦੀਆਂ ਕਾਪੀਆਂ ਸਾੜ ਕੇ ਉਨ੍ਹਾਂ ਵਿਦਿਆਰਥੀਆਂ ਦੇ ਚੱਲ ਰਹੇ ਸੰਘਰਸ਼ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਜਥੇਬੰਦਕ ਤੌਰ ’ਤੇ ਇਸ ਸੰਘਰਸ਼ ਵਿੱਚ ਹਰ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਬਲਵਿੰਦਰ ਸਿੰਘ ਬਾਸੀਆਂ, ਜਸਕਰਮ ਸਿੰਘ, ਗੁਰਦੀਪ ਸਿੰਘ, ਪ੍ਰੀਤਮ ਸਿੰਘ ਸਵੱਦੀ, ਮੈਡਮ ਪਰਮਜੀਤ ਕੌਰ ਬਰਸਾਲ, ਸੁਖਜੀਤ ਕੌਰ ਚੱਕ ਕਲਾਂ, ਕਮਲਜੀਤ ਸਿੰਘ, ਕਿਰਨਦੀਪ ਕੌਰ, ਪੁਸ਼ਪਾ ਰਾਣੀ, ਅੰਮ੍ਰਿਤਪਾਲ ਕੌਰ, ਰੇਖਾ ਰਾਣੀ, ਨਿਸ਼ਾ ਸ਼ਰਮਾ, ਏਕਤਾ ਨਰੂਲਾ, ਸਰਬਜੀਤ ਕੌਰ, ਮਨਜੀਤ ਕੌਰ, ਨੀਰਜ ਗੁਪਤਾ, ਰਾਜਿੰਦਰ ਕੌਰ ਸਿੱਧਵਾਂ ਖੁਰਦ ਸਣੇ ਹੋਰ ਅਧਿਆਪਕ ਹਾਜ਼ਰ ਸਨ।
ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਦੇ ਹੋਏ ਅਧਿਆਪਕ ਆਗੂ।
