ਅਖਾੜਾ ਬਾਇਓਗੈਸ ਪਲਾਂਟ ਬਾਰੇ ਮਾਹਿਰਾਂ ਦੀ ਰਿਪੋਰਟ ਤਾਲਮੇਲ ਕਮੇਟੀ ਵੱਲੋਂ ਰੱਦ
ਬਾਇਓ ਗੈਸ ਪਲਾਂਟ ਵਿਰੋਧੀ ਸੰਘਰਸ਼ ਤਾਲਮੇਲ ਕਮੇਟੀ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਇੱਕਪਾਸੜ ਰਿਪੋਰਟ ਦੇ ਆਧਾਰ ’ਤੇ ਧੱਕੇ ਨਾਲ ਬਾਇਓਗੈਸ ਪਲਾਂਟ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਜਥੇਬੰਦਕ ਵਿਰੋਧ ਕੀਤਾ ਜਾਵੇਗਾ।
ਬਾਇਓਗੈਸ ਪਲਾਂਟ ਵਿਰੋਧੀ ਸੰਘਰਸ ਤਾਲਮੇਲ ਕਮੇਟੀ ਦੇ ਸੰਚਾਲਕ ਡਾ. ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਬੀਬੀ ਅਮਰ ਕੋਰ ਯਾਦਗਾਰੀ ਲਾਇਬਰੇਰੀ ਵਿੱਚ ਹੋਈ ਮੀਟਿੰਗ ਵਿੱਚ ਅਖਾੜਾ ਬਾਇਓਗੈਸ ਪਲਾਂਟ ਬਾਰੇ ਪੰਜਾਬ ਐਨਰਜੀ ਡਿਵਲਪਮੈਂਟ ਏਜੰਸੀ ਵੱਲੋਂ ਜਾਰੀ ਅਤੇ ਐਸ ਡੀ ਐਮ ਜਗਰਾਂਓ ਦੇ ਪੱਤਰ ਰਾਹੀਂ ਭੇਜੀ ਰਿਪੋਰਟ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਗਿਆ ਹੈ।
ਮੀਟਿੰਗ ’ਚ ਸ਼ਾਮਲ ਸਮੂਹ ਮੋਰਚਿਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਹੁਣ ਤੱਕ ਸਰਕਾਰੀ ਮਾਹਿਰਾਂ ਨਾਲ ਹੋਈਆਂ ਛੇ ਦੇ ਕਰੀਬ ਮੀਟਿੰਗਾਂ ਵਿੱਚ ਤਾਲਮੇਲ ਕਮੇਟੀ ਦੇ ਮਾਹਿਰਾਂ ਵੱਲੋਂ ਰੱਖੇ ਤਰਕਾਂ ਅਤੇ ਤੱਥਾਂ ਦਾ ਜਵਾਬ ਦੇਣ ਦੀ ਥਾਂ ਆਪਣੇ ਤੌਰ ’ਤੇ ਹੀ ਇੱਕ ਪਾਸੜ ਰਿਪੋਰਟ ਜਾਰੀ ਕਰ ਦਿੱਤੀ ਗਈ ਹੈ। ਬੀਤੇ ਕੱਲ ਲੁਧਿਆਣਾ ਦੇ ਬਚਤ ਭਵਨ ਵਿੱਚ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਪ੍ਰਧਾਨਗੀ ਵਿੱਚ ਹੋਈ ਦੋਹਾਂ ਧਿਰਾਂ ਦੀ ਮੀਟਿੰਗ ’ਚ ਬੱਗਾ ਕਲਾਂ ਬਾਇਓਗੈਸ ਪਲਾਂਟ ਬਾਰੇ ਤਿੱਖੀ ਬਹਿਸ ਵਿਚਾਰ ਕਰਦਿਆਂ ਤਾਲਮੇਲ ਕਮੇਟੀ ਵੱਲੋਂ ਉਠਾਏ ਅਨੇਕਾਂ ਨੁਕਤਿਆਂ ਦਾ ਜਵਾਬ ਦੇਣ ਦੀ ਥਾਂ ਪੇਡਾ ਨੇ ਗੈਰਇਮਾਨਦਾਰੀ ਦਾ ਰਸਤਾ ਫੜ ਲਿਆ ਹੈ।
ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਕੰਵਲਜੀਤ ਖੰਨਾ ਨੇ ਕਿਹਾ ਕਿ ਤਾਲਮੇਲ ਕਮੇਟੀ ਵੱਲੋਂ ਸਾਰੀਆਂ ਮੀਟਿੰਗਾਂ ਵਿੱਚ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਗਈ ਹੈ ਕਿ ਪੰਜਾਬ ਵਿੱਚ ਲੱਗ ਰਹੀਆਂ ਇਨ੍ਹਾਂ ਬਾਇਓ ਗੈਸ ਫੈਕਟਰੀਆਂ ਦਾ ਸਾਡੇ ਸਮਾਜਿਕ ਜੀਵਨ ਅਤੇ ਵਾਤਾਵਰਨ ’ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਅਧਿਐਨ ਕਰਨ ਲਈ ਦੋਹਾਂ ਧਿਰਾਂ ਦੇ ਮਾਹਿਰਾਂ ਦੀ ਵਿਗਿਆਨਕ ਅਤੇ ਤਕਨੀਕੀ ਖੋਜ ਕਮੇਟੀ ਬਣਾ ਕੇ ਸਾਂਝੀ ਤੇ ਨਿਰਪੱਖ ਰਿਪੋਰਟ ਤਿਆਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਕੈਬਿਨਟ ਮੰਤਰੀਆਂ ਅਤੇ ਸਰਕਾਰੀ ਮਾਹਿਰਾਂ ਨਾਲ ਪੰਜਾਬ ਭਵਨ ਵਿੱਚ ਹੋਈ ਦੂਜੀ ਮੀਟਿੰਗ ’ਚ ਕੈਬਿਨਟ ਮੰਤਰੀ ਅਮਨ ਅਰੋੜਾ ਨੇ ਦੋਹਾਂ ਧਿਰਾਂ ਦੀ ਸਾਂਝੀ ਕਮੇਟੀ ਬਨਾਉਣ ਦਾ ਭਰੋਸਾ ਦਿੱਤਾ ਸੀ ਜਿਸ ਤੇ ਕਿ ਅਜੇ ਤੱਕ ਅਮਲ ਨਹੀਂ ਹੋਇਆ।
ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਵੀ ਹੋਈ ਮੀਟਿੰਗ ਵਿੱਚ ਵੀ ਇਹ ਮੰਗ ਪੂਰੇ ਜ਼ੋਰ ਨਾਲ ਉਠਾਈ ਗਈ ਸੀ।
ਉਨਾਂ ਕਿਹਾ ਕਿ ਮੀਟਿੰਗ ਨੇ ਪੰਜਾਬ ਸਰਕਾਰ ਵੱਲੋਂ ਇੱਕਪਾਸੜ ਰਿਪੋਰਟ ਦੇ ਆਧਾਰ ’ਤੇ ਧੱਕੇ ਨਾਲ ਪਲਾਂਟ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਜਥੇਬੰਦਕ ਵਿਰੋਧ ਕੀਤਾ ਜਾਵੇਗਾ। ਮੀਟਿੰਗ ਵਿੱਚ ਡਾ ਬਲਵਿੰਦਰ ਔਲਖ, ਡਾ ਵੀਕੇ ਸੈਣੀ, ਲਛਮਣ ਸਿੰਘ ਕੂੰਮ ਕਲਾਂ, ਕਿਸਾਨ ਆਗੂ ਬਲਵੰਤ ਸਿੰਘ ਘੁਡਾਣੀ, ਹਰਦੇਵ ਸਿੰਘ ਅਖਾੜਾ, ਬਿੱਲਾ ਭੂੰਦੜੀ , ਸੁਰਜੀਤ ਸਿੰਘ ਸਾਬਕਾ ਚੈਅਰਮੈਨ, ਹਰਮੇਲ ਸਿੰਘ ਸਰਪੰਚ , ਮਾਲਵਿੰਦਰ ਸਿੰਘ ਲਵਲੀ ਮੁਸ਼ਕਾਬਾਦ, ਹਰਪਾਲ ਸਿੰਘ ਬੱਗਾ ਕਲਾਂ , ਕੁਲਵਿੰਦਰ ਸਿੰਘ ਮੁਸ਼ਕਾਬਾਦ ਸ਼ਾਮਲ ਸਨ।