‘ਆਪ’ ਦੀ ਪਰਚੀ ’ਤੇ ਤਰਪਾਲਾਂ ਮਿਲਣ ’ਤੇ ਵਿਵਾਦ
ਇਕ ਪਾਸੇ ਮੀਂਹ ਕਰਕੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਤੋਂ ਪਾਣੀ ਆਉਣ ਲੱਗਾ ਹੈ, ਦੂਜੇ ਪਾਸੇ ਉਨ੍ਹਾਂ ਨੂੰ ਸਰਕਾਰ ਵਲੋਂ ਭੇਜੀਆਂ ਤਰਪਾਲਾਂ ਲੈਣ ਲਈ ਖੁਆਰ ਹੋਣਾ ਪੈ ਰਿਹਾ ਹੈ। ਕਾਂਗਰਸ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਦੋਸ਼ ਲਾਇਆ ਕਿ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਪਰਚੀ ਲੈ ਕੇ ਆਉਣ ’ਤੇ ਹੀ ਅਧਿਕਾਰੀ ਤਰਪਾਲਾਂ ਦੇ ਰਹੇ ਹਨ। ਇਸ ਤੋਂ ਇਲਾਵਾ ਸ਼ਹਿਰ ਵਿੱਚ ਰਹਿੰਦੇ ਲੋਕਾਂ ਨੂੰ ਤਰਪਾਲਾਂ ਦੇਣ ਤੋਂ ਕੋਰੀ ਨਾਂਹ ਕੀਤੀ ਜਾ ਰਹੀ ਹੈ। ਸਤਲੁਜ ਦਰਿਆ ਨੇੜਲੇ ਪਿੰਡਾਂ ਦੇ ਦੌਰੇ ‘ਤੇ ਪਹੁੰਚੇ ਜੱਗਾ ਹਿੱਸੋਵਾਲ ਨੂੰ ਜਦੋਂ ਕੁਝ ਲੋਕਾਂ ਨੇ ਬੀਡੀਪੀਓ ਦਫ਼ਤਰ ਤੋਂ ਹੋ ਰਹੀ ਖੱਜਲ ਖੁਆਰੀ ਦੀ ਸੂਚਨਾ ਦੇ ਕੇ ਮਦਦ ਮੰਗੀ ਤਾਂ ਉਹ ਗਿੱਦੜਵਿੰਡੀ ਤੇ ਹੋਰ ਪਿੰਡਾਂ ‘ਚ ਤਰਪਾਲਾਂ ਵੰਡਣ ਮਗਰੋਂ ਸਿੱਧਾ ਬੀਡੀਪੀਓ ਦਫ਼ਤਰ ਪਹੁੰਚੇ। ਬਲਾਕ ਕਾਂਗਰਸ ਪ੍ਰਧਾਨ ਨਵਦੀਪ ਗਰੇਵਾਲ ਸਣੇ ਹੋਰ ਆਗੂ ਵੀ ਉਨ੍ਹਾਂ ਦੇ ਨਾਲ ਸਨ। ਇਥੇ ਮੀਡੀਆ ਨੂੰ ਉਨ੍ਹਾਂ ਕੁਝ ਪਰਚੀਆਂ ਦਿਖਾਈਆਂ ਜਿਸ ’ਤੇ ਵਿਧਾਇਕਾ ਮਾਣੂੰਕੇ ਦੇ ਨਾਂ ਦੀ ਮੋਹਰ ਲਾ ਕੇ ਦਸਤਖ਼ਤ ਕੀਤੇ ਹੋਏ ਸਨ। ਉਨ੍ਹਾਂ ਕਿਹਾ ਕਿ ਇਹ ਪਰਚੀ ਲੈ ਕੇ ਆਉਣ ‘ਤੇ ਹੀ ਤਰਪਾਲਾਂ ਮਿਲਦੀਆਂ ਹਨ। ਇਸ ਮੌਕੇ ਬੀਡੀਪੀਓ ਦਫ਼ਤਰ ਵਿਖੇ ਹਾਜ਼ਰ ਸਰਬਜੀਤ ਸਿੰਘ ਤੇ ਹੋਰਨਾਂ ਨੌਜਵਾਨਾਂ ਨੇ ਕਿਹਾ ਕਿ ਉਹ ਸਵੇਰੇ ਦੇ ਤਰਪਾਲਾਂ ਲੈਣ ਲਈ ਖੜ੍ਹੇ ਹਨ। ਉਨ੍ਹਾਂ ਦੇ ਸ਼ਹਿਰ ਵਿੱਚ ਘਰ ਹਨ ਜਿਨ੍ਹਾਂ ਦੀਆਂ ਛੱਤਾਂ ਤੋਂ ਪਾਣੀ ਚੋਅ ਰਿਹਾ ਹੈ ਪਰ ਦਫ਼ਤਰ ਦੇ ਮੁਲਾਜ਼ਮ ਕਹਿ ਰਹੇ ਹਨ ਕਿ ਤਰਪਾਲਾਂ ਸਿਰਫ਼ ਪਿੰਡਾਂ ਲਈ ਆਈਆਂ ਹਨ। ਇਸ ’ਤੇ ਜੱਗਾ ਹਿੱਸੋਵਾਲ ਭੜਕ ਗਏ। ਉਨ੍ਹਾਂ ਮੌਕੇ ’ਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨਾਲ ਫੋਨ ’ਤੇ ਗੱਲਬਾਤ ਕੀਤੀ ਜਿਨ੍ਹਾਂ ਅੱਗੋਂ ਅਜਿਹੀ ਕੋਈ ਹਦਾਇਤ ਸਰਕਾਰ ਜਾਂ ਉਨ੍ਹਾਂ ਵੱਲੋਂ ਜਾਰੀ ਨਾ ਹੋਣ ਦੀ ਗੱਲ ਕਹੀ ਗਈ। ਜੱਗਾ ਹਿੱਸੋਵਾਲ ਨੇ ਦੋਸ਼ ਲਾਇਆ ਕਿ ਇਸ ਸੰਕਟ ਦੀ ਘੜੀ ਵਿੱਚ ਵੀ ਹਾਕਮ ਧਿਰ ਆਮ ਆਦਮੀ ਪਾਰਟੀ ਸਿਆਸਤ ਕਰ ਰਹੀ ਹੈ। ਵਿਧਾਇਕਾ ਮਾਣੂੰਕੇ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਦੂਜੇ ਪਾਸੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤਰਪਾਲਾਂ ਹਰ ਲੋੜਵੰਦ ਨੂੰ ਦਿੱਤੀਆਂ ਜਾਣਗੀਆਂ।