ਧਾਰਮਿਕ ਸਥਾਨ ਨੇੜੇ ਸੂਰ ਵਾੜੇ ਕਾਰਨ ਵਿਵਾਦ
ਪਿੰਡ ਹਲਵਾਰਾ ਦੇ ਮੁੱਖ ਚੌਕ ਵਿੱਚ ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਗੁਰਦੁਆਰਾ ਸਾਹਿਬ ਦੀ ਕੰਧ ਨਾਲ ਲੱਗਦੇ ਘਰ ਵਿੱਚ ਬਣੇ ਸੂਰਾਂ ਦੇ ਵਾੜੇ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਰਾਜੂ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਅਮਰੀਕ ਸਿੰਘ ਹਲਵਾਰਾ ਅਤੇ ਸਥਾਨਕ ਕਿਸਾਨ ਆਗੂ ਜਤਿੰਦਰ ਸਿੰਘ ਜੋਤੀ ਹਲਵਾਰਾ ਨੇ ਪਿੰਡ ਦੇ ਕਈ ਵਸਨੀਕਾਂ ਦੇ ਦਸਤਖ਼ਤਾਂ ਵਾਲੀ ਸ਼ਿਕਾਇਤ ਰਾਹੀਂ ਕਾਨੂੰਨ ਅਤੇ ਧਾਰਮਿਕ ਭਾਵਨਾਵਾਂ ਦਾ ਵਾਸਤਾ ਪਾ ਕੇ ਐੱਸ ਡੀ ਐੱਮ ਰਾਏਕੋਟ ਉਪਿੰਦਰਜੀਤ ਕੌਰ ਬਰਾੜ ਤੋਂ ਸੂਰ ਪਾਲਕ ਭਰਾਵਾਂ ਚੰਦਰਪਾਲ, ਸੋਮਪਾਲ ਅਤੇ ਉਨ੍ਹਾਂ ਦੇ ਚਚੇਰੇ ਭਰਾ ਰਾਜੂ ਖ਼ਿਲਾਫ਼ ਮੁਕੱਦਮਾ ਦਰਜ ਕਰਨ ਅਤੇ ਇੱਥੋਂ ਸੂਰਾਂ ਦਾ ਵਾੜਾ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ।
ਉਧਰ ਸੂਰ ਪਾਲਕ ਚੰਦਰਪਾਲ ਨੇ ਖ਼ੁਦ ਮੰਨਿਆ ਕਿ ਆਬਾਦੀ ਅਤੇ ਗੁਰਦੁਆਰਾ ਸਾਹਿਬ ਦੇ ਨੇੜੇ ਸੂਰ ਰੱਖਣੇ ਗੈਰ-ਕਾਨੂੰਨੀ ਹਨ ਅਤੇ ਉਸ ਨੇ ਇਹ ਵੀ ਕਿਹਾ ਕਿ ਪਿੰਡ ਦੇ ਛੱਪੜ ਅਤੇ ਸ਼ਾਮਲਾਟ ਜ਼ਮੀਨ ਉਪਰ ਗੈਰ-ਕਾਨੂੰਨੀ ਕਬਜ਼ਾ ਕਰਕੇ ਸੂਰਾਂ ਦਾ ਵਾੜਾ ਬਣਾਇਆ ਹੈ। ਉਸ ਨੇ ਕਿਹਾ ਕਿ ਸੂਰ ਪਾਲਣਾ ਉਨ੍ਹਾਂ ਦਾ ਪੁਸ਼ਤੈਨੀ ਕਾਰੋਬਾਰ ਹੈ ਅਤੇ ਉਨ੍ਹਾਂ ਦਾ ਪਰਿਵਾਰ 70 ਸਾਲਾਂ ਤੋਂ ਇਹ ਕੰਮ ਕਰਦਾ ਆ ਰਿਹਾ ਹੈ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਰਾਜੂ, ਕਿਸਾਨ ਆਗੂ ਅਮਰੀਕ ਸਿੰਘ ਹਲਵਾਰਾ ਅਤੇ ਜਤਿੰਦਰ ਸਿੰਘ ਜੋਤੀ ਨੇ ਦੋਸ਼ ਲਾਇਆ ਕਿ ਗੁਰਦੁਆਰਾ ਸਾਹਿਬ ਆਉਣ ਵਾਲੀ ਸੰਗਤ ਅਤੇ ਰਾਹਗੀਰ ਸੂਰਾਂ ਦੀ ਬਦਬੂ ਕਾਰਨ ਕਾਫ਼ੀ ਪ੍ਰੇਸ਼ਾਨ ਹਨ।
ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਨੂੰ ਕਾਰਵਾਈ ਲਈ ਲਿਖਿਆ : ਐੱਸ ਡੀ ਐੱਮ ਬਰਾੜ
ਐੱਸ ਡੀ ਐੱਮ ਰਾਏਕੋਟ ਉਪਿੰਦਰਜੀਤ ਕੌਰ ਬਰਾੜ ਨੇ ਕਿਹਾ ਕਿ ਜਾਂਚ ਲਈ ਸੀਨੀਅਰ ਵੈਟਰਨਰੀ ਅਫ਼ਸਰ ਰਾਜਵੀਰ ਸਿੰਘ ਦੀ ਅਗਵਾਈ ਵਿੱਚ ਟੀਮ ਭੇਜੀ ਗਈ ਸੀ ਅਤੇ ਜਾਂਚ ਟੀਮ ਵੱਲੋਂ ਭੇਜੀ ਰਿਪੋਰਟ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਨੂੰ ਕਾਨੂੰਨੀ ਕਾਰਵਾਈ ਲਈ ਭੇਜ ਦਿੱਤੀ ਗਈ ਹੈ। ਉਨ੍ਹਾਂ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ।
