ਲੈਣਦਾਰਾਂ ਦੇ ਗੇੜਿਆਂ ਤੋਂ ਅੱਕੇ ਠੇਕੇਦਾਰ ਵੱਲੋਂ ਖ਼ੁਦਕੁਸ਼ੀ
ਸਥਾਨਕ ਬਲੀਬੇਗ ਬਸਤੀ ਦੇ ਠੇਕੇਦਾਰ ਰਾਜੇਸ਼ ਕੁਮਾਰ ਨੇ ਘਰ ਵਿਚ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਉਸ ਨੇ ਖ਼ੁਦਕੁਸ਼ੀ ਨੋਟ ਵਿਚ ਤਿੰਨ ਵਿਅਕਤੀਆਂ ਨੂੰ ਮੌਤ ਲਈ ਜ਼ਿੰਮੇਵਾਰ ਠਹਿਰਾਇਆ।
ਰਾਜੇਸ਼ ਕੁਮਾਰ ਦੀ ਪਤਨੀ ਕਵਿਤਾ ਦੇਵੀ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਜੂਆ ਖੇਡਣ ਦੀ ਆਦਤ ਸੀ। ਰੋਕਣ ਦੇ ਬਾਵਜੂਦ ਜੁਆਰੀ ਉਸ ਨੂੰ ਫੋਨ ਕਰਕੇ ਬੁਲਾ ਲੈਂਦੇ ਸਨ। ਰਾਜੇਸ਼ ਜੂਏ ਵਿਚ ਪੈਸੇ ਹਾਰਦਾ ਗਿਆ, ਜਿਸ ਕਾਰਨ ਉਸ ਨੇ ਆਪਣੀ ਜ਼ਮੀਨ ਵੇਚ ਦਿੱਤੀ ਅਤੇ ਘਰ ਵੀ ਗਹਿਣੇ ਰੱਖ ਦਿੱਤਾ।
ਕਵਿਤਾ ਦੇਵੀ ਨੇ ਦੱਸਿਆ ਕਿ ਰਾਜੇਸ਼ ਜੂਏ ਵਿਚ ਲੱਖਾਂ ਰੁਪਏ ਹਾਰ ਗਿਆ ਅਤੇ ਹੁਣ ਪਿਛਲੇ 3-4 ਦਿਨਾਂ ਤੋਂ ਪ੍ਰੇਸ਼ਾਨ ਸੀ। ਪਤਾ ਲੱਗਿਆ ਹੈ ਕਿ ਉਸ ਨੇ ਵਿਆਜ ’ਤੇ ਪੈਸੇ ਲੈ ਕੇ ਜੂਆ ਖੇਡਿਆ ਅਤੇ ਹੁਣ ਜਦੋਂ ਉਸ ਨੂੰ ਲੈਣਦਾਰ ਪ੍ਰੇਸ਼ਾਨ ਕਰ ਰਹੇ ਸਨ ਤਾਂ ਉਸ ਨੇ ਆਤਮ-ਹੱਤਿਆ ਕਰ ਲਈ। ਕਵਿਤਾ ਦੇਵੀ ਮੁਤਾਬਕ ਉਸਦੇ ਪਤੀ ਨੇ ਘਰ ਵਿਚ ਗਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ।
ਰਾਜੇਸ਼ ਨੇ ਖ਼ੁਦਕੁਸ਼ੀ ਨੋਟ ਵਿੱਚ ਲਿਖਿਆ ਹੈ ਕਿ ਤਿੰਨ ਵਿਅਕਤੀ ਉਸ ਨੂੰ ਪ੍ਰੇਸ਼ਾਨ ਕਰ ਰਹੇ ਹਨ, ਜਿਸ ਕਾਰਨ ਉਹ ਮਰਨ ਨੂੰ ਮਜਬੂਰ ਹੋ ਰਿਹਾ ਹੈ।
ਠੇਕੇਦਾਰ ਰਾਜੇਸ਼ ਕੁਮਾਰ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਹ ਆਪਣੇ ਪਿੱਛੇ ਪਤਨੀ ਤੇ ਦੋ ਛੋਟੀਆਂ-ਬੱਚੀਆਂ ਛੱਡ ਗਿਆ ਹੈ। ਰਾਜੇਸ਼ ਕੁਮਾਰ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌੌਤ ਹੋ ਚੁੱਕੀ ਹੈ। ਕਵਿਤਾ ਦੇਵੀ ਨੇ ਦੱਸਿਆ ਕਿ ਜੇਕਰ ਉਹ ਆਪਣੇ ਪਤੀ ਨੂੰ ਜੂਆ ਖੇਡਣ ਤੋਂ ਰੋਕਦੀ ਸੀ ਤਾਂ ਉਹ ਕੁੱਟਮਾਰ ਕਰਦਾ ਸੀ। ਉਸ ਨੇ ਕਿਹਾ ਕਿ ਬਲੀਬੇਗ ਬਸਤੀ ਵਿਚ ਜੂਏ ਨੂੰ ਨੱਥ ਪਾਈ ਜਾਵੇ ਤਾਂ ਜੋ ਕਿਸੇ ਹੋਰ ਦਾ ਘਰ ਬਰਬਾਦ ਨਾ ਹੋਵੇ ਅਤੇ ਉਸ ਦੇ ਪਤੀ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇ।
ਫਿਲਹਾਲ ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਰਖਵਾ ਦਿੱਤਾ ਹੈ। ਤਫ਼ਤੀਸ਼ੀ ਅਫ਼ਸਰ ਕਰਨੈਲ ਸਿੰਘ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
