ਠੇਕਾ ਕਾਮਿਆਂ ਵੱਲੋਂ ਬਿਜਲੀ ਮੰਤਰੀ ਦੇ ਘਰ ਨੇੜੇ ਪੱਕਾ ਧਰਨਾ ਸ਼ੁਰੂ
ਪਾਵਰਕੌਮ ਠੇਕਾ ਮੁਲਾਜ਼ਮ ਯੂਨੀਅਨ ਨੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਨਿੱਜੀਕਰਨ ਵੱਲ ਵਧ ਰਹੇ ਹਨ। ਪਾਵਰਕੌਮ ਦੀਆਂ ਇਮਾਰਤਾਂ ਅਤੇ ਬਿਲਡਿੰਗਾਂ ਨੂੰ ਵੇਚਣ ਦਾ ਇਕਰਾਰਨਾਮਾ ਕੰਪਨੀਆਂ ਨਾਲ ਕੀਤਾ ਜਾ ਰਿਹਾ ਹੈ, ਚਿੱਪ-ਅਧਾਰਤ ਸਮਾਰਟ ਮੀਟਰ ਲਗਾਉਣ ਦੀ ਨੀਤੀ ਨਾਲ ਵਿਭਾਗ ਨੂੰ ਨਿੱਜੀਕਰਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਬਿਜਲੀ ਸੋਧ ਬਿੱਲ 2025 ਨੂੰ ਪੂਰੀ ਤਰ੍ਹਾਂ ਰੱਦ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਇਹ ਬਿਜਲੀ ਖੇਤਰ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਦੀ ਇੱਕ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਕਮੀ ਹੈ, ਸੇਫਟੀ ਕਿੱਟ ਨਾ ਮਿਲਣ ਕਾਰਨ ਹੋਣ ਤੱਕ ਠੇਕੇ ’ਤੇ ਕੰਮ ਕਰਦੇ ਹੋਏ 400 ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ। ਫਿਰ ਵੀ ਸਰਕਾਰ ਤੇ ਪ੍ਰਬੰਧਨ ਨੇ ਕਿਸੇ ਵੀ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਨਾ ਨੌਕਰੀ ਦਿੱਤੀ ਹੈ ਤੇ ਨਾ ਹੀ ਪੈਨਸ਼ਨ ਤੇ ਮੁਆਵਜ਼ਾ। ਯੂਨੀਅਨ ਆਗੂਆਂ ਨੇ ਕਿਹਾ ਕਿ ਹੁਣ ਉਹ ਪਿੱਛੇ ਹਟਣ ਵਾਲੇ ਨਹੀਂ ਹਨ, ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ, ਉਦੋਂ ਤੱਕ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਨਾਲ ਹੀ 9 ਨਵੰਬਰ ਨੂੰ ਤਰਨ ਤਾਰਨ ਵਿੱਚ ਹੋ ਰਹੀ ਜ਼ਿਮਨੀ ਚੋਣ ਵਿੱਚ ਵੀ ਉਹ ਝੰਡਾ ਮਾਰਚ ਕਰ ਕੇ ਲੋਕਾਂ ਨੂੰ ਸਰਕਾਰ ਦੀਆਂ ਅਸਲੀਆਂ ਨੀਤੀਆਂ ਪ੍ਰਤੀ ਜਾਗਰੂਕ ਕਰਨਗੇ।
