ਲਿੰਕ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ
ਵਿਧਾਨ ਸਭਾ ਹਲਕਾ ਖੰਨਾ ਵਿੱਚ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ 2.23 ਕਰੋੜ ਰੁਪਏ ਦੀ ਲਾਗਤ ਅਤੇ ਕੁੱਲ ਲੰਬਾਈ 13.75 ਕਿਲੋਮੀਟਰ ਨਾਲ ਤਿਆਰ ਹੋਣ ਵਾਲੀਆਂ ਪੇਂਡੂ ਲਿੰਕ ਸੜਕਾਂ ਦੀ ਉਸਾਰੀ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਸੜਕਾਂ ਵਿੱਚ ਖੇੜੀ ਨੌਧ ਸਿੰਘ ਤੋਂ ਮਾਣਕ ਮਾਜਰਾ, ਲੁਹਾਰ ਮਾਜਰਾ ਤੋਂ ਡਡਹੇੜੀ ਰੋਡ 77 ਲੱਖ ਲਾਗਤ ਨਾਲ 4.70 ਕਿਲੋਮੀਟਰ, ਖੇੜੀ ਨੌਧ ਸਿੰਘ ਰੋਡ ਤੋਂ ਅਲੀਪੁਰ ਤੋਂ ਡਡਹੇੜੀ ਤੋਂ ਇਸਮਾਈਲਪੁਰ ਤੱਕ 77 ਲੱਖ ਰੁਪਏ ਨਾਲ 4.60 ਕਿਲੋਮੀਟਰ ਅਤੇ ਇਸਮਾਈਲਪੁਰ ਤੋਂ ਕੋਟਲਾ ਅਜਨੇਰ 68 ਲੱਖ ਰੁਪਏ ਨਾਲ 4.45 ਕਿਲੋਮੀਟਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਬਿਹਤਰੀਨ ਬੁਨਿਆਦੀ ਸਹੂਲਤਾਂ ਦੇਣ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ’ਚ ਖੰਨਾ ਸ਼ਹਿਰ ਵਿਚ ਹੋਰ ਵਿਕਾਸ ਕਾਰਜ ਵੀ ਸ਼ੁਰੂ ਕੀਤੇ ਜਾ ਰਹੇ ਹਨ। ਸ੍ਰੀ ਸੌਂਦ ਨੇ ਕਿਹਾ ਕਿ ਬਰਸਾਤਾਂ ਕਾਰਨ ਟੁੱਟੀਆਂ ਸੜਕਾਂ ਬਣਾਉਣ ਦਾ ਕੰਮ ਖੰਨਾ ਹਲਕੇ ਵਿੱਚ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਜਲਦ ਮੁਕੰਮਲ ਕਰ ਲਿਆ ਜਾਵੇਗਾ ਅਤੇ ਇਨ੍ਹਾਂ ਸੜਕਾਂ ਦੀ ਗੁਣਵੱਤਾ ਦੀ ਜਾਂਚ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਜਗਤਾਰ ਸਿੰਘ ਗਿੱਲ, ਕਾਰਜਕਾਰੀ ਇੰਜਨੀਅਰ ਜਤਿਨ ਸਿੰਗਲਾ, ਮਾਰਕੀਟ ਕਮੇਟੀ ਸਕੱਤਰ ਕਮਲਦੀਪ ਸਿੰਘ ਮਾਨ, ਐੱਸ ਡੀ ਓ ਗੁਰਪ੍ਰੀਤ ਸਿੰਘ, ਜੇ ਈ ਸੁਖਮਰਾਜ ਸਿੰਘ, ਬੀ ਡੀ ਪੀ ਓ ਸਤਵਿੰਦਰ ਸਿੰਘ ਕੰਗ, ਪੰਚਾਇਤ ਅਫਸਰ ਕੁਲਦੀਪ ਸਿੰਘ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਕੁਲਵੰਤ ਸਿੰਘ ਮਹਿਮੀ ਆਦਿ ਹਾਜ਼ਰ ਸਨ।
 
 
             
            