ਨਹਿਰੀ ਜਲ ਸਪਲਾਈ ਪ੍ਰਾਜੈਕਟ ਤਹਿਤ ਚਾਰ ਟੈਂਕੀਆਂ ਦੀ ਉਸਾਰੀ ਸ਼ੁਰੂ
ਵਰਲਡ ਬੈਂਕ ਵੱਲੋਂ ਫੰਡ ਪ੍ਰਾਪਤ ਨਹਿਰੀ ਜਲ ਸਪਲਾਈ ਪ੍ਰਾਜੈਕਟ ਤਹਿਤ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਸਹਿਕਾਰੀ ਖੰਡ ਮਿੱਲ ਬੁੱਢੇਵਾਲ ਦੇ ਚੇਅਰਮੈਨ ਜ਼ੋਰਾਵਰ ਸਿੰਘ ਨੇ ਸ਼ਨੀਵਾਰ ਨੂੰ ਚਾਰ ਪਾਣੀ ਵਾਲੀਆਂ ਟੈਂਕੀਆਂ ਦੇ ਨਿਰਮਾਣ ਅਤੇ ਸੰਬੰਧਿਤ ਪਾਈਪਲਾਈਨ ਵਿਛਾਉਣ ਲਈ ਲਗਪਗ 24.71 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਚਾਰ ਪਾਣੀ ਵਾਲੀਆਂ ਟੈਂਕੀਆਂ ਬੀ.ਐਸ.ਯੂ.ਪੀ ਫਲੈਟਾਂ, ਰਾਮ ਨਗਰ, ਫੋਕਲ ਪੁਆਇੰਟ ਇਲਾਕੇ ਦੀ 34 ਏਕੜ ਯੋਜਨਾ, ਜੀਵਨ ਨਗਰ ਅਤੇ ਢੰਡਾਰੀ ਵਿੱਚ ਦੁਰਗਾ ਕਲੋਨੀ ਵਿੱਚ ਬਣਾਈਆਂ ਜਾਣਗੀਆਂ। ਜਦੋਂ ਕਿ ਪਾਣੀ ਵਾਲੀਆਂ ਟੈਂਕੀਆਂ ਲਗਪਗ 14.16 ਕਰੋੜ ਰੁਪਏ ਦੀ ਲਾਗਤ ਨਾਲ ਬਣਾਈਆਂ ਜਾਣਗੀਆਂ, ਨਾਲ ਹੀ ਸੰਬੰਧਿਤ ਵਾਟਰ ਸਪਲਾਈ ਪਾਈਪਲਾਈਨ ਲਗਪਗ 10.55 ਕਰੋੜ ਰੁਪਏ ਦੀ ਲਾਗਤ ਨਾਲ ਵਿਛਾਈ ਜਾਵੇਗੀ।
ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਦੱਸਿਆ ਕਿ ਨਹਿਰੀ ਜਲ ਸਪਲਾਈ ਪ੍ਰਾਜੈਕਟ ਦੇ ਤਹਿਤ, ਪਿੰਡ ਬਿਲਗਾ (ਨੇੜੇ ਸਾਹਨੇਵਾਲ) ਵਿੱਚ ਇੱਕ ਵਿਸ਼ਵ ਪੱਧਰੀ ਵਾਟਰ ਟਰੀਟਮੈਂਟ ਪਲਾਂਟ (ਡਬਲਯੂ.ਟੀ.ਪੀ.) ਵੀ ਬਣਾਇਆ ਜਾ ਰਿਹਾ ਹੈ ਜਿੱਥੋਂ ਸ਼ਹਿਰ ਨੂੰ ਟਰੀਟ ਕੀਤਾ ਸਤਹੀ ਪਾਣੀ ਸਪਲਾਈ ਕੀਤਾ ਜਾਵੇਗਾ। ਨਹਿਰੀ ਜਲ ਸਪਲਾਈ ਪ੍ਰਾਜੈਕਟ ਦਾ ਪਹਿਲਾ ਪੜਾਅ ਲਗਪਗ 1300 ਕਰੋੜ ਰੁਪਏ (ਸਿਵਲ ਵਰਕਸ) ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਮੇਅਰ ਇੰਦਰਜੀਤ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਉਨ੍ਹਾਂ ਦੀ ਮਜ਼ਬੂਤ ਅਗਵਾਈ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਵਿੱਚ ਕਰੋੜਾਂ ਰੁਪਏ ਦੇ ਵੱਡੀ ਗਿਣਤੀ ਵਿੱਚ ਵਿਕਾਸ ਪ੍ਰਾਜੈਕਟ ਕੀਤੇ ਜਾ ਰਹੇ ਹਨ। ਉਦਘਾਟਨ ਸਮਾਰੋਹਾਂ ਦੌਰਾਨ ਕੌਂਸਲਰ ਅਨੀਤਾ ਨੰਚਾਹਲ, ਸਰਪੰਚ ਦਲਜੀਤ ਕੌਰ, ਕਰਨ ਨੰਚਾਹਲ, ਸਰਬਜੀਤ ਸਿੰਘ, ਰਾਜੀਵ ਲਾਲਾ, ਰਸ਼ਪਾਲ ਸਿੰਘ, ਵਿਕਰਮਜੀਤ ਸਿੰਘ ਰਾਜਪੂਤ, ਤੇਜਿੰਦਰ ਸਿੰਘ ਮਿੱਠੂ ਅਤੇ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਨੁਮਾਇੰਦੇ ਮੌਜੂਦ ਸਨ।