ਪੰਚਾਇਤ ਸਮਿਤੀ ਦੇ ਵਪਾਰਕ ਕੰਪਲੈਕਸ ਦੀ ਉਸਾਰੀ ਸ਼ੁਰੂ
ਇੱਥੇ ਪੰਚਾਇਤ ਸਮਿਤੀ ਸੁਧਾਰ ਦੀ ਮਾਲਕੀ ਵਾਲੀ ਥਾਂ ’ਤੇ ਅੱਜ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਟੱਕ ਲਾ ਕੇ ਵਪਾਰਕ ਕੰਪਲੈਕਸ ਦੀ ਉਸਾਰੀ ਸ਼ੁਰੂ ਕਰਵਾਈ। ਇਸ ਮੌਕੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਵਿਰੋਧੀ ਧਿਰ ਵੱਲੋਂ ਸੂਬਾ ਸਰਕਾਰ ਉਪਰ ਸਰਕਾਰੀ ਸੰਪਤੀ ਵੇਚਣ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਪੰਚਾਇਤ ਸੰਮਤੀ ਦੀ ਆਮਦਨ ਵਿੱਚ ਵਾਧਾ ਕਰਨ ਦੀ ਨੀਤੀ ਤਹਿਤ 10 ਨਵੀਂ ਦੁਕਾਨਾਂ ਉਸਾਰਨ ਦੇ ਪ੍ਰਸਤਾਵ ਤਹਿਤ ਇਹ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਪਾਰਕ ਕੰਪਲੈਕਸ ਵਿੱਚ ਹੋਰ ਜਨਤਕ ਸਹੂਲਤਾਂ ਤੋਂ ਇਲਾਵਾ ਪਾਰਕਿੰਗ ਦੀ ਸਹੂਲਤ ਦਾ ਵੀ ਧਿਆਨ ਰੱਖਿਆ ਗਿਆ ਹੈ।
ਵਿਧਾਇਕ ਹਾਕਮ ਸਿੰਘ ਅਨੁਸਾਰ ਪਹਿਲਾਂ ਵੀ ਕੁਝ ਦੁਕਾਨਾਂ ਪੰਚਾਇਤ ਸੰਮਤੀ ਦੀ ਮਾਲਕੀ ਵਾਲੀ ਜ਼ਮੀਨ ਉਪਰ ਬਣੀਆਂ ਹੋਈਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਚਾਇਤ ਸੰਮਤੀ ਲਈ ਆਮਦਨ ਦੇ ਵਧੇਰੇ ਸਰੋਤ ਪੈਦਾ ਕਰਨ ਦੀ ਯੋਜਨਾ ਤਹਿਤ ਹੀ ਇਹ ਵਪਾਰਕ ਕੰਪਲੈਕਸ ਬਣਾਇਆ ਜਾ ਰਿਹਾ ਹੈ। ਇਸ ਮੌਕੇ ਸੱਤਾਧਾਰੀ ਧਿਰ ਦੇ ਬਲਾਕ ਪ੍ਰਧਾਨ ਰਮੇਸ਼ ਜੈਨ, ਪਰਮਿੰਦਰ ਰੱਤੋਵਾਲ, ਹਰਸ਼ ਜੈਨ, ਨਵੀਂ ਅਬਾਦੀ ਅਕਾਲਗੜ੍ਹ ਦੀ ਸਰਪੰਚ ਮਨਜੀਤ ਕੌਰ ਤੋਂ ਇਲਾਵਾ ਬਲਾਕ ਵਿਕਾਸ ਦਫ਼ਤਰ ਸੁਧਾਰ ਦੇ ਕਈ ਅਧਿਕਾਰੀ ਵੀ ਮੌਜੂਦ ਸਨ, ਪਰ ਪਿੰਡ ਸੁਧਾਰ ਦੀ ਪੰਚਾਇਤ ਦਾ ਕੋਈ ਨੁਮਾਇੰਦਾ ਮੌਜੂਦ ਨਹੀਂ ਸੀ।