ਕਾਂਗਰਸੀ ਵਰਕਰਾਂ ਨੇ ‘ਵੋਟ ਚੋਰ ਗੱਦੀ ਛੋੜ’ ਤਹਿਤ ਫਾਰਮ ਭਰੇ
ਆਲ ਇੰਡੀਆ ਕਾਂਗਰਸ ਕਮੇਟੀ ਓਬੀਸੀ ਵਿੰਗ ਦੇ ਕੋਆਰਡੀਨੇਟਰ ਅਤੇ ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ ਹਲਕਾ ਦੱਖਣੀ ਵਿੱਚ ਵਰਕਰਾਂ ਨੇ ‘ਵੋਟ ਚੋਰ ਗੱਦੀ ਛੋੜ’ ਸਬੰਧੀ ਘਰ ਘਰ ਜਾ ਕੇ ਫ਼ਾਰਮ ਭਰੇ। ਇਸ ਮੌਕੇ ਸ੍ਰੀ ਬਾਵਾ ਨੇ ਕਿਹਾ ਕਿ ਰਾਹੁਲ ਗਾਂਧੀ ਭਾਰਤੀ ਲੋਕਤੰਤਰ ਦੀ ਰਾਖੀ ਕਰਨ ਲਈ ਮੈਦਾਨ ਵਿੱਚ ਨਿੱਤਰੇ ਹੋਏ ਹਨ ਕਿਉਂਕਿ ਵੋਟ ਦਾ ਅਧਿਕਾਰ ਮਹਾਨ ਦੇਸ਼ ਭਗਤਾਂ ਨੇ ਫਾਂਸੀ ਦੇ ਰੱਸੇ ਚੁੰਮ ਕੇ, ਜੇਲ੍ਹਾਂ ਕੱਟ ਕੇ, ਸ਼ਹੀਦ-ਏ-ਆਜ਼ਮ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਚੰਦਰਸ਼ੇਖਰ ਆਜ਼ਾਦ, ਰਾਜਗੁਰੂ ਅਤੇ ਸੁਖਦੇਵ ਨੇ ਕੁਰਬਾਨੀਆਂ ਕਰਦਿਆਂ ਸਾਨੂੰ ਲੈ ਕੇ ਦਿੱਤਾ ਜਿਸ ਨੂੰ ਭਾਜਪਾ ਸਰਕਾਰ ਚੋਣ ਕਮਿਸ਼ਨ ਦੇ ਅਧਿਕਾਰਾਂ ਦੀ ਦੁਰਵਰਤੋਂ ਕਰਕੇ ਆਮ ਲੋਕਾਂ ਤੋਂ ਖੋਹ ਰਹੀ ਹੈ ਜੋ ਸਾਡੇ ਮੁੱਢਲੇ ਅਧਿਕਾਰਾਂ 'ਤੇ ਸਿੱਧਾ ਸਿੱਧਾ ਡਾਕਾ ਹੈ।
ਉਨ੍ਹਾਂ ਪਿਛਲੇ ਦਿਨੀਂ ਸੀਨੀਅਰ ਪੁਲੀਸ ਅਧਿਕਾਰੀ ਹਰਿਆਣਾ ਪੂਰਨ ਕੁਮਾਰ ਵੱਲੋਂ ਜਾਤੀ ਵਿਤਕਰੇ ਕਾਰਨ ਆਤਮ ਹੱਤਿਆ ਕਰਨ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਇਹ ਡਾ. ਭੀਮ ਰਾਓ ਅੰਬੇਡਕਰ ਵੱਲੋਂ ਰਚੇ ਸੰਵਿਧਾਨ ਨੂੰ ਕਲੰਕਿਤ ਕਰਨ ਵਾਲੀ ਕਾਰਵਾਈ ਹੈ। ਉਹਨਾਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਭਾਰਤ ਅਤੇ ਹਰਿਆਣਾ ਦੀ ਸਰਕਾਰ ਇਨਸਾਫ਼ ਦਿਵਾਵੇ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਵਿੱਚ 'ਆਪ' ਸਰਕਾਰ ਹਰ ਵਰਗ ਦੇ ਲੋਕਾਂ ਨਾਲ ਬੇਗਾਨਿਆਂ ਨਾਲੋਂ ਵੀ ਭੈੜਾ ਸਲੂਕ ਕਰ ਰਹੀ ਹੈ ਜਿਸ ਨੂੰ ਤਰਨਤਾਰਨ ਦੀ ਚੋਣ ਵਿੱਚ ਹਰਾਉਣ ਦੀ ਲੋੜ੍ਹ ਹੈ। ਇਸ ਸਮੇਂ ਬਲਾਕ ਕਾਂਗਰਸ ਪ੍ਰਧਾਨ ਹਰੀਸ਼ ਕੁਮਾਰ ਗੋਨਾ, ਸੁਖਵਿੰਦਰ ਸਿੰਘ ਜਗਦੇਵ, ਗੁਰਮੀਤ ਸਿੰਘ ਮੁਹੱਲਾ ਪ੍ਰਧਾਨ, ਸੁਖਵਿੰਦਰ ਸ਼ਰਮਾ, ਰਤਨੇਸ਼, ਸਤਵਿੰਦਰ ਸੋਨੀ ਅਤੇ ਠਾਕੁਰ ਭੁਪਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।