ਕਾਂਗਰਸੀ ਵਰਕਰਾਂ ਨੇ ਵੋਟ ਚੋਰੀ ਖ਼ਿਲਾਫ਼ ਫਾਰਮ ਭਰੇ
ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ ਅਤੇ ਓਬੀਸੀ ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਨੇ ਵੋਟ ਚੋਰੀ ਕਰਕੇ ਭਾਰਤੀ ਲੋਕਤੰਤਰ ਦਾ ਅਪਮਾਨ ਕੀਤਾ ਹੈ।
ਅੱਜ ਇੱਥੇ ਸੀਨੀਅਰ ਆਗੂ ਗੁਰਚਰਨ ਸਿੰਘ ਸੈਣੀ ਦੀ ਦੇਖ ਰੇਖ ਹੇਠ ਹਲਕਾ ਦੱਖਣੀ ਵਿੱਚ ਵੋਟ ਚੋਰੀ ਖ਼ਿਲਾਫ਼ ਤਿਆਰ ਕੀਤਾ ਫਾਰਮ ਭਰਵਾਉਣ ਸਮੇਂ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਭਾਜਪਾ ਦੀ ਚੋਣ ਕਮਿਸ਼ਨ ਰਾਹੀਂ ਵੋਟ ਚੋਰੀ ਕਰਨ ਦੀ ਕਾਰਗੁਜ਼ਾਰੀ ਨੂੰ ਸਾਹਮਣੇ ਲਿਆ ਕੇ ਭਾਰਤੀ ਲੋਕਤੰਤਰ ਨੂੰ ਬਚਾਉਣ ਲਈ ਅਹਿਮ ਰੋਲ ਅਦਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਦਾ ਭਵਿੱਖ ਰਾਹੁਲ ਗਾਂਧੀ ਜੋ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਨੇਤਾ ਹਨ, ਵੱਲੋਂ ਲੋਕਤੰਤਰ ਦਾ ਘਾਣ ਕਰਦੀ ਭਾਜਪਾ ਖ਼ਿਲਾਫ਼ ਵੋਟ ਚੋਰੀ ਦੇ ਮਾਮਲੇ ਨੂੰ ਭਾਰਤ ਦੇ ਲੋਕਾਂ ਦੀ ਕਚਹਿਰੀ ਵਿੱਚ ਨੰਗਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵੋਟ ਦੀ ਸ਼ਕਤੀ ਕਈ ਕੁਰਬਾਨੀਆਂ ਤੋਂ ਬਾਅਦ ਮਿਲੀ ਹੈ ਪਰ ਭਾਜਪਾ ਵੱਲੋਂ ਹਰਿਆਣਾ, ਮਹਾਂਰਾਸ਼ਟਰ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਕਾਂਗਰਸ ਪਾਰਟੀ ਦੀਆਂ ਬਣਨ ਜਾ ਰਹੀਆਂ ਸਰਕਾਰਾਂ ਨੂੰ ਟੇਡੇ ਢੰਗ ਨਾਲ ਰੋਕ ਕੇ ਲੋਕਤੰਤਰ ਦਾ ਦਿਨ ਦਿਹਾੜੇ ਕਤਲ ਕੀਤਾ ਗਿਆ ਹੈ ਜਿਸ ਨੂੰ ਦੇਸ਼ ਵਾਸੀ ਗੰਭੀਰਤਾ ਨਾਲ ਲੈ ਰਹੇ ਹਨ।