ਕਾਂਗਰਸੀ ਆਬਜ਼ਰਵਰ ਵੱਲੋਂ ਇਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ
ਕੁੱਲ ਹਿੰਦ ਕਾਂਗਰਸ ਵੱਲੋਂ ਸੰਗਠਨ ਸਿਰਜਣ ਮੁਹਿੰਮ ਤਹਿਤ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪੰਜ ਹਲਕਿਆਂ ਲਈ ਲਾਈ ਆਬਜ਼ਰਵਰ ਡਾ. ਸ਼ਿਖਾ ਮੀਲ ਬਰਾਲਾ ਅੱਜ ਇਥੇ ਪਾਰਟੀ ਵਰਕਰਾਂ ਨਾਲ ਮੀਟਿੰਗ ਲਈ ਪਹੁੰਚੀ। ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਦੀ ਮੌਜੂਦਗੀ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਇਸ ਮੁਹਿੰਮ ਤਹਿਤ ਲੁਧਿਆਣਾ ਦਿਹਾਤੀ ਵਿੱਚ ਆਬਜ਼ਰਵਰ ਲਾਇਆ ਹੈ ਤਾਂ ਜੋ ਜ਼ਿਲ੍ਹਾ ਪ੍ਰਧਾਨ ਦੀ ਚੋਣ ਪ੍ਰਕਿਰਿਆ ਪਾਰਦਰਸ਼ੀ ਅਤੇ ਬਿਨਾਂ ਪੱਖਪਾਤ ਦੇ ਹੋਵੇ। ਇਸ ਲਈ ਦੇਸ਼ ਭਰ ਵਿੱਚ ਇਹ ਮੁਹਿੰਮ ਵਿੱਢੀ ਗਈ ਹੈ।
ਇਸ ਦਾ ਮਕਸਦ ਯੋਗ ਵਿਅਕਤੀਆਂ ਨੂੰ ਜ਼ਿਲ੍ਹਾ ਪ੍ਰਧਾਨ ਦੀ ਅਹਿਮ ਜ਼ਿੰਮੇਵਾਰੀ ਸੌਂਪਣਾ ਹੈ। ਇਸੇ ਲਈ ਜ਼ਿਲ੍ਹੇ ਵਿੱਚੋਂ ਪਾਰਟੀ ਵਰਕਰਾਂ, ਅਹੁਦੇਦਾਰਾਂ, ਪੰਚ-ਸਰਪੰਚਾਂ, ਵਿਧਾਇਕਾਂ, ਸਾਬਕਾ ਵਿਧਾਇਕਾਂ, ਕੌਂਸਲਰਾਂ ਤੇ ਨਗਰ ਕੌਂਸਲ ਪ੍ਰਧਾਨਾਂ ਤੇ ਹੋਰਨਾਂ ਆਗੂਆਂ ਦੀ ਰਾਇ ਲਈ ਜਾ ਰਹੀ ਹੈ। ਇਨ੍ਹਾਂ ਤੋਂ ਇਲਾਵਾ ਕਾਂਗਰਸ ਦੇ ਜਿਹੜੇ ਹੋਰ ਵਿੰਗ ਹਨ ਉਨ੍ਹਾਂ ਤੋਂ ਵੀ ਇਸ ਬਾਰੇ ਪੁੱਛਿਆ ਜਾ ਰਿਹਾ ਹੈ। ਇਸ ਮਗਰੋਂ ਹੀ ਇਕ ਵਿਅਕਤੀ ਨੂੰ ਜ਼ਿਲ੍ਹਾ ਪ੍ਰਧਾਨ ਚੁਣਿਆ ਜਾਵੇਗਾ ਜੋ ਸਾਰੀਆਂ ਧਿਰਾਂ ਤੇ ਸਾਰੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਚੱਲ ਸਕੇ। ਉਨ੍ਹਾਂ ਕਿਹਾ ਕਿ ਇਹ ਰਾਹੁਲ ਗਾਂਧੀ ਦੀ ਸੋਚ ਤਹਿਤ ਹੀ ਪ੍ਰਕਿਰਿਆ ਚਲਾਈ ਜਾ ਰਹੀ ਹੈ ਜਿਸ ਦਾ ਉਦੇਸ਼ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨਾ ਹੈ। ਪਾਰਟੀ ਵਿਚਲੀ ਧੜੇਬੰਦੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਥੋੜ੍ਹੀ ਬਹੁਤੀ ਧੜੇਬੰਦੀ ਹਰੇਕ ਥਾਂ ਹੀ ਹੁੰਦੀ ਹੈ ਪਰ ਇਹ ਇੰਨੀ ਵੀ ਨਹੀਂ ਜਿੰਨੀ ਵਿਰੋਧੀ ਤੇ ਮੀਡੀਆ ਵਧਾ ਕੇ ਪੇਸ਼ ਕਰਦਾ ਹੈ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਸਿਰਫ ਸਵਾ ਸਾਲ ਰਹਿ ਗਿਆ ਹੈ, ਇਸ ਲਈ ਸਾਰੇ ਹੁਣੇ ਤੋਂ ਇਕਜੁੱਟ ਹੋ ਕੇ ਡਟ ਜਾਣ। ਹੁਣ ਪਾਰਟੀ ਅਨੁਸ਼ਾਸਨਹੀਣਤਾਂ ਬਿਲਕੁਲ ਸਹਿਣ ਨਹੀਂ ਕਰੇਗੀ। ਇਕਜੁੱਟਤਾ ਨਾਲ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਵਾਲਿਆਂ ਨੂੰ ਪੂਰਾ ਮਾਣ-ਸਤਿਕਾਰ ਮਿਲੇਗਾ। ਡਾ. ਸ਼ਿਖਾ ਨੇ ਦੱਸਿਆ ਕਿ 20 ਬੂਥਾਂ ਪਿੱਛੇ ਇਕ ਮੰਡਲ ਕਮੇਟੀ ਹੋਵੇਗੀ। ਇਸ ਮਗਰੋਂ ਡਾ. ਸ਼ਿਖਾ ਨੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਕਮਰੇ ਵਿੱਚ ਸੱਦ ਕੇ ਜ਼ਿਲ੍ਹਾ ਪ੍ਰਧਾਨ ਬਾਰੇ ਰਾਇ ਲਈ। ਇਸ ਸਮੇਂ ਰਾਜੇਸ਼ਇੰਦਰ ਸਿੱਧੂ, ਪ੍ਰਸ਼ੋਤਮ ਖਲੀਫਾ, ਰਵਿੰਦਰਪਾਲ ਸਿੰਘ ਰਾਜੂ ਕਾਮਰੇਡ, ਹਰਪ੍ਰੀਤ ਸਿੰਘ ਧਾਲੀਵਾਲ, ਨਵਦੀਪ ਗਰੇਵਾਲ, ਗੋਪਾਲ ਸ਼ਰਮਾ, ਸਰਪੰਚ ਕੁਲਦੀਪ ਸਿੰਘ ਬੋਦਲਵਾਲਾ, ਸੁਖਵਿੰਦਰ ਸਿੰਘ ਭਸੀਣ, ਸੰਨੀ ਕੱਕੜ, ਹਰਦੀਪ ਜੱਸੀ, ਕੌਂਸਲਰ ਰਾਜੂ ਠੁਕਰਾਲ, ਰਾਜ ਭਾਰਦਵਾਜ, ਸਤਿੰਦਰਜੀਤ ਤਤਲਾ, ਕੁਲਵੰਤ ਸਿੰਘ ਡਾਂਗੀਆਂ, ਸਿਮਰ ਮੱਲ੍ਹਾ, ਬੌਬੀ ਕਪੂਰ ਆਦਿ ਮੌਜੂਦ ਸਨ।